ਬਰਨਾਲਾ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਨਾਲ ਮੱਚਿਆਂ ਹੜਕੰਪ, ਪੁਲਿਸ ਨੇ ਸੰਭਾਲਿਆ ਮੋਰਚਾ

WhatsApp Image 2026-04-16 at 18.55.31

ਬਰਨਾਲਾ, 16 ਅਪ੍ਰੈਲ (ਰਾਕੇਸ਼ ਜੇਠੀ): ਬਰਨਾਲਾ ਸ਼ਹਿਰ ’ਚ ਵੀਰਵਾਰ ਸਵੇਰੇ ਉਸ ਸਮੇਂ ਭਾਰੀ ਦਹਿਸ਼ਤ ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਜਦੋਂ ਇਲਾਕੇ ਦੇ 6 ਨਾਮੀ ਵਿਦਿਅਕ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਤੁਰੰਤ ਹਰਕਤ ’ਚ ਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਕਈ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਤੇ ਡੌਗ ਸਕੁਐਡ ਤੇ ਮਾਹਿਰ ਟੀਮਾਂ ਵਲੋਂ ਚੱਪੇ-ਚੱਪੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਰਤੀ ਅਨਸਰਾਂ ਵਲੋਂ ਦੋ ਵੱਖ-ਵੱਖ ਈਮੇਲਾਂ ਰਾਹੀਂ ਜ਼ਿਲ੍ਹੇ ਦੇ ਵੱਡੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਧਮਕੀ ਭਰੀ ਇਸ ਸੂਚੀ ’ਚ ਸ਼ਹਿਰ ਦਾ ਸਭ ਤੋਂ ਵੱਡਾ ਟੰਡਨ ਇੰਟਰਨੈਸ਼ਨਲ ਸਕੂਲ ਸਣੇ ਆਰੀਆਭੱਟਾ ਸਕੂਲ, ਵਾਈਐਸ ਸਕੂਲ ਦੀਆਂ ਦੋਵੇਂ ਬ੍ਰਾਂਚਾਂ, ਸੈਕਰਡ ਹਾਰਟ ਸਕੂਲ ਤੇ ਭਦੌੜ ਸਥਿਤ ਗੋਬਿੰਦ ਪਬਲਿਕ ਸਕੂਲ ਸ਼ਾਮਲ ਸਨ। ਪਹਿਲੀ ਈਮੇਲ ਸਵੇਰੇ ਲਗਭਗ ਪੌਣੇ ਅੱਠ ਵਜੇ ਪ੍ਰਾਪਤ ਹੋਈ। ਜਿਸ ਨੇ ਪ੍ਰਸ਼ਾਸਨਿਕ ਹਲਕਿਆਂ ’ਚ ਹਲਚਲ ਮਚਾ ਦਿੱਤੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਮੁਹੰਮਦ ਸਰਫਰਾਜ ਆਲਮ ਤੇ ਡੀਸੀ ਹਰਪ੍ਰੀਤ ਸਿੰਘ ਨੇ ਖੁਦ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ। ਐੱਸਐੱਸਪੀ ਆਲਮ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਕੰਟਰੋਲ ਰੂਮ ਰਾਹੀਂ ਸਾਰੇ ਸਬੰਧਿਤ ਅਧਿਕਾਰੀਆਂ ਤੇ ਪੈਟਰੋਲਿੰਗ ਟੀਮਾਂ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਈਮੇਲ ’ਚ ਟੰਡਨ ਇੰਟਰਨੈਸ਼ਨਲ, ਵਾਈਐੱਸ ਤੇ ਆਰੀਆਭੱਟ ਸਕੂਲ ਦਾ ਜ਼ਿਕਰ ਸੀ। ਜਦਕਿ ਦੂਜੀ ਮੇਲ ’ਚ ਗੋਬਿੰਦ ਇੰਟਰਨੈਸ਼ਨਲ ਭਦੌੜ, ਸੈਕਰਡ ਹਾਰਟ ਤੇ ਵਾਈਐੱਸ ਜੈਨੈਕਸ ਸਕੂਲ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਕਈ ਸਕੂਲਾਂ ਨੇ ਬੱਚਿਆਂ ਨੂੰ ਇਮਾਰਤਾਂ ’ਚੋਂ ਕੱਢ ਕੇ ਖੁੱਲ੍ਹੇ ਮੈਦਾਨਾਂ’ਚ ਬਿਠਾ ਦਿੱਤਾ। ਇਸ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਸਕੂਲ ਕੈਂਪਸ ਦੀ ਤਲਾਸ਼ੀ ਲਈ। ਪ੍ਰਸ਼ਾਸਨ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਤੇ ਅਫ਼ਵਾਹਾਂ ਤੇ ਯਕੀਨ ਨਾ ਕਰਨ। ਪੁਲਿਸ ਹੁਣ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਰਹੀ ਹੈ। ਜਿਨ੍ਹਾਂ ਨੇ ਈਮੇਲ ਰਾਹੀਂ ਇਹ ਝੂਠੀ ਦਹਿਸ਼ਤ ਫੈਲਾਈ ਹੈ।

—ਸਕੂਲ ਪ੍ਰਬੰਧਕਾਂ ਦੀ ਚੌਕਸੀ ਤੇ ਸੁਰੱਖਿਆ ਉਪਾਅ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਤੇ ਪਿ੍ਰੰਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਭਾਵੇਂ ਇਹ ਧਮਕੀ ਮਹਿਜ਼ ਇਕ ਅਫ਼ਵਾਹ ਸਾਬਿਤ ਹੋਈ ਹੈ। ਪਰ ਬੱਚਿਆਂ ਦੀ ਸੁਰੱਖਿਆ ਪ੍ਰਬੰਧਕਾਂ ਲਈ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ’ਚ ਦਹਿਸ਼ਤ ਨੂੰ ਰੋਕਣ ਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਲਈ ਉਨ੍ਹਾਂ ਨੇ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਦੂਜੇ ਪਾਸੇ ਆਰੀਆਭੱਟ ਸੰਸਥਾ ਦੇ ਪ੍ਰਬੰਧਕ ਇੰਜ. ਰਾਕੇਸ਼ ਗੁਪਤਾ ਨੇ ਸਪੱਸ਼ਟ ਕੀਤਾ ਕਿ ਜਿਸ ਈਮੇਲ ਆਈਡੀਤੇ ਧਮਕੀ ਭੇਜੀ ਗਈ ਸੀ। ਉਹ ਉਨ੍ਹਾਂ ਦੀ ਸੰਸਥਾ ਨਾਲ ਸਬੰਧਿਤ ਨਾ ਹੋਣ ਕਰਕੇ ਉਨ੍ਹਾਂ ਨੂੰ ਈਮੇਲ ਨਹੀਂ ਮਿਲੀ। ਪਰ ਮੀਡੀਆ ਤੇ ਪ੍ਰਸ਼ਾਸਨ ਤੋਂ ਸੂਚਨਾ ਮਿਲਦੇ ਹੀ ਉਹ ਚੌਕਸ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੂਰੀ ਜਾਂਚ ਕੀਤੀ ਹੈ ਤੇ ਸਭ ਕੁਝ ਸੁਰੱਖਿਅਤ ਪਾਇਆ ਗਿਆ ਹੈ। ਇਸੇ ਤਰਾਂ ਗੋਬਿੰਦ ਸਕੂਲ ਭਦੌੜ ਦੇ ਪ੍ਰਬੰਧਕਾਂ ਨੇ ਕਿਹਾ ਕਿ ਧਮਕੀ ਭਰੀ ਈਮੇਲ ਇਕ ਅਫਵਾਹ ਨਿਕਲੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਦੀ ਸਰੁੱਖਿਆ ਲਈ ਸਕੂਲ ’ਚ ਪੁਖਤਾ ਪ੍ਰਬੰਧ ਹਨ।

About The Author

You may have missed