ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਥਾਣਾ ਤਪਾ ਦੇ ਮੁੱਖੀ ਵਜੋਂ ਸੰਭਾਲਿਆ ਅਹੁਦਾ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਦਿੱਤੀ ਸਖ਼ਤ ਚਿਤਾਵਨੀ

ਤਪਾ-16ਅਪ੍ਰੈਲ (ਰਾਕੇਸ਼ ਜੇਠੀ)- ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਤਪਾ ਨੂੰ ਨਵੀਂ ਥਾਣਾ ਮੁੱਖੀ ਮਿਲ ਗਈ ਹੈ। ਜਿਸ ਦੇ ਤਹਿਤ ਨਵਦੀਪ ਕੌਰ ਚਾਹਲ ਨੇ ਅੱਜ ਥਾਣਾ ਮੁਖੀ ਵਜੋਂ ਆਪਣਾ ਚਾਰਜ ਸੰਭਾਲਦੇ ਹੋਏ ਅਧਿਕਾਰਕ ਤੌਰ ‘ਤੇ ਕੰਮਕਾਜ ਦੀ ਸ਼ੁਰੂਆਤ ਕੀਤੀ ਅਤੇ ਇਸ ਮੌਕੇ ਥਾਣੇ ਦੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਹਮੇਸ਼ਾ ਆਮ ਜਨਤਾ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਪੁਲਿਸ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲੇ ਤਾਂ ਵੱਡੇ ਤੋਂ ਵੱਡੇ ਜੁਰਮਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਅਤੇ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਤਪਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰੇ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ ਅਤੇ ਇਸ ਦੇ ਨਾਲ ਹੀ ਕ੍ਰਾਈਮ ਨੂੰ ਘਟਾਉਣਾ ਤੇ ਨਸ਼ਾ ਤਸਕਰੀ ‘ਤੇ ਨਕੇਲ ਪਾਉਣਾ ਉਨ੍ਹਾਂ ਦੇ ਮੁੱਖ ਮਕਸਦ ਹਨ ਜਿਸ ਲਈ ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਵੇਚਣ ਵਾਲਿਆਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਮਹਿਲਾਵਾਂ ਦੀ ਸੁਰੱਖਿਆ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਵੀ ਮਹਿਲਾ ਨਾਲ ਕੋਈ ਗਲਤ ਵਿਵਹਾਰ ਦੀ ਘਟਨਾ ਵਾਪਰਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਕਿਉਂਕਿ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ। ਅੰਤ ਵਿੱਚ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਅਤੇ ਇਕ ਸੁਖਮਈ ਤੇ ਸੁਰੱਖਿਅਤ ਸਮਾਜ ਦੀ ਸਥਾਪਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਉਹ 2016 ਬੈਚ ‘ਚ ਸਿੱਧੀ ਸਬ-ਇੰਸਪੈਕਟਰ ਭਰਤੀ ਹੋਏ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਿਆਦਾਤਰ ਸੇਵਾ ਪਟਿਆਲਾ ਜ਼ਿਲੇ ‘ਚ ਹੀ ਨਿਭਾਈ ਹੈ ਜਦਕਿ ਇਸ ਮੌਕੇ ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਥਾਣੇਦਾਰ ਹਰਿੰਦਰਪਾਲ ਸਿੰਘ, ਥਾਣੇਦਾਰ ਨਿੰਦਰਪਾਲ ਕੋਰ ਅਤੇ ਮੁੱਖ ਮੁਨਸੀ ਕਮਲ ਸਿੰਘ ਸਮੇਤ ਹੋਰ ਸਟਾਫ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ।
