ਗਊ ਹੱਤਿਆ, ਧਰਮ ਪਰਿਵਰਤਨ ਤੇ ਹਿੰਦੂਆਂ ਦੇ ਆਸਥਾ ਕੇਂਦਰਾਂ ਦੇ ਅਪਮਾਨ `ਤੇ ਵੀ ਸਖ਼ਤ ਕਾਨੂੰਨ ਬਣਾਵੇ ਪੰਜਾਬ ਸਰਕਾਰ: ਨੀਲਮਣੀ ਸਮਾਧੀਆ

ਬਰਨਾਲਾ, 15 ਅਪ੍ਰੈਲ (ਰਾਕੇਸ਼ ਜੇਠੀ):- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪਟਿਆਲਾ ਵਿਭਾਗ ਦੇ ਮੰਤਰੀ ਨੀਲਮਣੀ ਸਮਾਧੀਆ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਜੋ ਕਾਨੂੰਨ ਲਾਗੂ ਕੀਤਾ ਗਿਆ ਹੈ। ਅਸੀਂ ਉਸ ਦਾ ਪੂਰਨ ਤੌਰ ਤੇ ਸਨਮਾਨ ਤੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਜੋ ਕਿ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਸੀ। ਪਰ ਨੀਲਮਣੀ ਸਮਾਧੀਆ ਨੇ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਪੁੱਛਿਆ ਕਿ ਕੀ ਹਿੰਦੂਆਂ ਦੀ ਆਸਥਾ, ਉਨ੍ਹਾਂ ਦੇ ਦੇਵੀ-ਦੇਵਤਿਆਂ ਤੇ ਪਵਿੱਤਰ ਗ੍ਰੰਥਾਂ ਦਾ ਅਪਮਾਨਬੇਅਦਬੀ ਨਹੀਂ ਹੈ? ਕੀ ਗਊਵੰਸ਼ ਦੀ ਹੱਤਿਆ ਤੇ ਜ਼ਬਰਨ ਧਰਮ ਪਰਿਵਰਤਨ ਕਰਵਾਉਣਾ ਬੇਅਦਬੀ ਦੇ ਦਾਇਰੇ ’ਚ ਨਹੀਂ ਆਉਂਦਾ? ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਲਗਾਤਾਰ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਹੋ ਰਿਹਾ ਹੈ। ਮੰਦਰਾਂ ਤੇ ਹਮਲੇ ਹੋ ਰਹੇ ਹਨ ਤੇ ਧਾਰਮਿਕ ਯਾਤਰਾਵਾਂ ’ਤੇ ਸ਼ੋਭਾ ਯਾਤਰਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਇਹ ਸਭ ਬੇਅਦਬੀ ’ਚ ਸ਼ਾਮਲ ਨਹੀਂ ਹੈ? ਸਮਾਧੀਆ ਨੇ ਕਿਹਾ ਕਿ ਜੇਕਰ ਸਨਾਤਨ ਆਸਥਾ ਦੇ ਕੇਂਦਰਾਂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਦਾ ਹੈ ਤਾਂ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਹਿੰਦੂਆਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਿੰਦੂਆਂ ਦੀ ਆਸਥਾ ਦੇ ਕੇਂਦਰਾਂਤੇ ਹਮਲੇ ਤੇ ਗਊ ਹੱਤਿਆ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਨ੍ਹਾਂ ਨੂੰ ਵੀ ਸੜਕਾਂ ਤੇ ਉਤਰ ਕੇ ਇਸ ਕਾਨੂੰਨ ਨੂੰ ਪਾਸ ਕਰਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਨੇ ਬਹੁਤ ਹੀ ਤਿੱਖੇ ਸ਼ਬਦਾਂ ’ਚ ਕਿਹਾ ਕਿ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬ ’ਚ ਹਿੰਦੂਤੀਜੇ ਦਰਜੇ ਦਾ ਨਾਗਰਿਕ ਬਣ ਕੇ ਰਹਿ ਗਿਆ ਹੋਵੇ। ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਇਸ ਸੋਧ ਬਿੱਲ ’ਚ ਗਊ ਹੱਤਿਆ, ਧਰਮ ਪਰਿਵਰਤਨ ਤੇ ਸਨਾਤਨ ਧਰਮ ਦੇ ਅਪਮਾਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
