ਧਨੌਲਾ ਬੱਸ ਸਟੈਂਡ ਨੇੜੇ ਪੀਆਰਟੀਸੀ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ; ਸਵਾਰੀਆਂ ਦਾ ਬਚਾਅ, ਹਾਈਵੇਅ ‘ਤੇ ਲੱਗਿਆ ਜਾਮ

ਧਨੌਲਾ, 30 ਮਾਰਚ (ਰਾਕੇਸ਼ ਜੇਠੀ): ਬਰਨਾਲਾ-ਪਟਿਆਲਾ ਨੈਸ਼ਨਲ ਹਾਈਵੇਅ ਤੇ ਬੱਸ ਸਟੈਂਡ ਧਨੌਲਾ ਦੇ ਕੋਲ ਇਕ ਸੜਕ ਹਾਦਸਾ ਵਾਪਰ ਗਿਆ। ਜਿਥੇ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਸਰਕਾਰੀ ਬੱਸ ਤੇ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ। ਟੱਕਰ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੀਆਂ ਸਵਾਰੀਆਂ ਬਿਲਕੁਲ ਸੁਰੱਖਿਅਤ ਹਨ। ਇਸ ਹਾਦਸੇ ਲਈ ਪੀਆਰਟੀਸੀ ਬੱਸ ਡਰਾਈਵਰ ਤੇ ਟਰੈਕਟਰ-ਟਰਾਲੀ ਡਰਾਈਵਰ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਦਿਖੇ। ਪਰ ਮੌਕੇ ‘ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਇਸ ਹਾਦਸੇ ਦਾ ਕਾਰਨ ਪੀਆਰਟੀਸੀ ਡਰਾਈਵਰ ਦੀ ਵੱਡੀ ਲਾਪਰਵਾਹੀ ਸੀ। ਉਨ੍ਹਾਂ ਨੇ ਕਿਹਾ ਕਿ ਸਾਰੀ ਗਲਤੀ ਪੀਆਰਟੀਸੀ ਬੱਸ ਡਰਾਈਵਰ ਦੀ ਹੈ। ਜਿਸ ਨੇ ਅਚਾਨਕ ਬੱਸ ਨੂੰ ਬੱਸ ਸਟੈਂਡ ਤੋਂ ਤੇਜ਼ ਸਪੀਡ ’ਚ ਕੱਢ ਕੇ ਸੜਕ ‘ਤੇ ਲਿਆ ਦਿੱਤਾ। ਟਰੈਕਟਰ-ਟਰਾਲੀ ਡਰਾਈਵਰ ਨੇ ਐਕਸੀਡੈਂਟ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਬੱਸ ਡਰਾਈਵਰ ਦੀ ਵੱਡੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ। ਪੀਆਰਟੀਸੀ ਡਰਾਈਵਰ ਦੇ ਪੱਖ ’ਚ ਪੀਆਰਟੀਸੀ ਕਰਮਚਾਰੀ ਜਥੇਬੰਦੀ ਮੌਕੇ ‘ਤੇ ਪਹੁੰਚ ਗਈ। ਉੱਥੇ ਹੀ ਮੌਕੇ ‘ਤੇ ਮੌਜੂਦ ਲੋਕ ਟਰੈਕਟਰ-ਟਰਾਲੀ ਡਰਾਈਵਰ ਦੇ ਹੱਕ ’ਚ ਆ ਗਏ। ਉਨ੍ਹਾਂ ਨੇ ਕਿਹਾ ਕਿ ਸਾਰੀ ਗਲਤੀ ਪੀਆਰਟੀਸੀ ਬੱਸ ਡਰਾਈਵਰ ਦੀ ਹੈ। ਪਰ ਟਰੈਕਟਰ ਡਰਾਈਵਰ ਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੀਆਰਟੀਸੀ ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬਰਨਾਲਾ ਤੋਂ ਬੁਢਲਾਡਾ ਡਿਪੂ ਜਾ ਰਿਹਾ ਸੀ। ਪਰ ਟਰੈਕਟਰ-ਟਰਾਲੀ ਦੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ। ਜਿਸ ਵਿਚ ਪੀਆਰਟੀਸੀ ਬੱਸ ਨੂੰ ਕਾਫੀ ਨੁਕਸਾਨ ਹੋਇਆ। ਉੱਥੇ ਹੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਡਰਾਈਵਰ ਅਚਾਨਕ ਬੱਸ ਸਟੈਂਡ ਤੋਂ ਬੱਸ ਨੂੰ ਤੇਜ਼ ਸਪੀਡ ’ਚ ਬੱਸ ਰੋਡ ‘ਤੇ ਲੈ ਗਿਆ। ਜਿਥੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ ਤੇ ਉਸ ਦਾ ਕਰੀਬ 20 ਹਜ਼ਾਰ ਦਾ ਨੁਕਸਾਨ ਹੋਇਆ। ਟਰੈਕਟਰ ਡਰਾਈਵਰ ਨੇ ਇਹ ਵੀ ਕਿਹਾ ਕਿ ਮੌਕੇ ‘ਤੇ ਖੜ੍ਹੇ ਲੋਕਾਂ ਨੇ ਇਹ ਪੂਰੀ ਘਟਨਾ ਦੇਖੀ ਹੈ ਤੇ ਉਹ ਸੱਚ ਬੋਲ ਰਹੇ ਹਨ।
—ਬੱਸ ਲਗਾ ਕੀਤਾ ਹਾਈਵੇਅ ਜਾਮ ਤੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਇਸ ਮਾਮਲੇ ਨੂੰ ਲੈ ਕੇ ਜਿੱਥੇ ਪੀਆਰਟੀਸੀ ਬੱਸ ਡਰਾਈਵਰ ਤੇ ਕਰਮਚਾਰੀ ਜਥੇਬੰਦੀ ਇਕੱਠੇ ਆਏ ਤੇ ਬੱਸ ਸਟੈਂਡ ਧਨੌਲਾ ਦੇ ਬਾਹਰ ਬਰਨਾਲਾ-ਪਟਿਆਲਾ ਹਾਈਵੇਅ ‘ਤੇ ਸਰਕਾਰੀ ਬੱਸ ਰੋਡ ਦੇ ਵਿਚਕਾਰ ਲਗਾ ਕੇ ਜਾਮ ਲਗਾ ਦਿੱਤਾ। ਉੱਥੇ ਹੀ ਟਰੈਕਟਰ-ਟਰਾਲੀ ਡਰਾਈਵਰ ਦੇ ਪੱਖ ’ਚ ਆਏ ਮੌਕੇ ‘ਤੇ ਖੜ੍ਹੇ ਲੋਕਾਂ, ਦੁਕਾਨਦਾਰਾਂ ਤੇ ਸਮਰਥਕਾਂ ਨੇ ਪੀਆਰਟੀਸੀ ਕਰਮਚਾਰੀਆਂ ਦੀ ਕਥਿਤ ਗੁੰਡਾਗਰਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ।
—ਪੁਲਿਸ ਮੌਕੇ ‘ਤੇ ਪੁੱਜੀ: ਦੋਵੇ ਧਿਰਾਂ ਨੂੰ ਬੁਲਾਇਆ ਥਾਣੇ
ਦੋਵਾਂ ਪੱਖਾਂ ਵਿਚਾਲੇ ਟਕਰਾਅ ਬਾਰੇ ਪਤਾ ਲੱਗਣ ‘ਤੇ ਧਨੌਲਾ ਥਾਣੇ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਨੂੰ ਧਨੌਲਾ ਥਾਣੇ ਬੁਲਾਇਆ ਹੈ। ਇਸ ਹਾਦਸੇ ’ਚ ਜਿਥੇ ਪੀਆਰਟੀਸੀ ਬੱਸ ਤੇ ਟਰੈਕਟਰ-ਟਰਾਲੀ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਦੋਵੇਂ ਪੱਖ ਇਸ ਹਾਦਸੇ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਬੱਸ ਯਾਤਰੀ ਨੂੰ ਸੱਟ ਨਹੀਂ ਲੱਗੀ।
