ਭਦੌੜ ’ਚ ‘ਆਪ’ ਦੇ ਵਰਕਰ ’ਤੇ ਜਾਨਲੇਵਾ ਹਮਲਾ, ਹਸਪਤਾਲ ਦਾਖਲ

PrimekhabarPunjab Bhaur

ਭਦੌੜ, 9 ਮਾਰਚ (ਰਾਕੇਸ਼ ਜੇਠੀ)- ਪੰਜਾਬ ਦੀ ਮੌਜੂਦਾ ਸਰਕਾਰ ਦੇ ਉਲਝੇ ਹੋਏ ਤਾਣੇ ਬਾਣੇ ’ਚ ਅੱਜ ਕੱਲ ਆਮ ਲੋਕ ਤਾਂ ਕੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਜਿਸ ਦੀ ਮਿਸਾਲ ਬੀਤੇ ਦਿਨ ਭਦੌੜ ਵਿਖੇ ਹੋਏ ਇਕ ਆਮ ਆਦਮੀ ਪਾਰਟੀ ਦੇ ਵਰਕਰ ਤੇ ਹੋਏ ਹਮਲੇ ਤੋਂ ਮਿਲਦੀ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਲਈ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਇਕ ਵਰਕਰ ’ਤੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਰਾਕੇਸ਼ ਕੁਮਾਰ (24) ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਇਕ ਨਿੱਜੀ ਫੈਕਟਰੀ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਦੋ ਨੌਜਵਾਨਾਂ ਨੇ ਉਸ ਉੱਪਰ ਲੋਹੇ ਦੀ ਪਾਈਪ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਸਿਰ ’ਤੇ ਵਾਰ ਕਰਨਾ ਚਾਹਿਆ। ਪਰ ਬਚਾਅ ’ਚ ਉਸ ਨੇ ਆਪਣੇ ਹੱਥ ਅੱਗੇ ਕਰ ਦਿੱਤੇ। ਜਿਸ ਕਾਰਨ ਪਾਈਪ ਉਸ ਦੀ ਪਿੱਠ ਤੇ ਲੱਤ ਤੇ ਜਾ ਲੱਗੀ। ਜਦੋਂ ਉਸ ਨੇ ਖੁਦ ਨੂੰ ਬਚਾਉਣ ਦਾ ਦੁਬਾਰਾ ਯਤਨ ਕੀਤਾ ਤਾਂ ਹਮਲਾਵਰਾਂ ਨੇ ਪੂਰੀ ਤਾਕਤ ਨਾਲ ਉਸ ਦੇ ਹੱਥ ’ਤੇ ਲੋਹੇ ਦੀ ਪਾਈਪ ਨਾਲ ਵਾਰ ਕਰ ਦਿੱਤਾ। ਜਿਸ ਨਾਲ ਉਸ ਦੇ ਹੱਥ ’ਤੇ ਡੂੰਘਾ ਜ਼ਖਮ ਹੋ ਗਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ ਭਦੌੜ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੇ ਜ਼ਖਮ ’ਤੇ ਛੇ ਟਾਂਕੇ ਲਗਾਏ ਹਨ। ਪੀੜਤ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਹਮਲਾਵਰ ਨੌਜਵਾਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ। ਇਸ ਘਟਨਾ ਦੇ ਸਬੰਧ ’ਚ ਸਿਵਲ ਹਸਪਤਾਲ ਭਦੌੜ ਦੇ ਡਾਕਟਰ ਬਾਂਕੇ ਬਿਹਾਰੀ ਨੇ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਰਾਕੇਸ਼ ਕੁਮਾਰ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਜਿਸ ਦੇ ਹੱਥਤੇ ਟਾਂਕੇ ਲਗਾਏ ਗਏ ਹਨ ਤੇ ਸਰੀਰ ਦੇ ਹੋਰ ਹਿੱਸਿਆਂ `ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਡਾਕਟਰ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਇਸ ਮਾਮਲੇ ਦੀ ਲਿਖਤੀ ਸੂਚਨਾ ਪੁਲਿਸ ਥਾਣਾ ਭਦੌੜ ਨੂੰ ਭੇਜ ਦਿੱਤੀ ਗਈ ਹੈ। ਥਾਣਾ ਭਦੌੜ ਦੇ ਐਸਐਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲ ਚੁੱਕੀ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

About The Author

You may have missed