ਆਪ’ ਸਰਕਾਰ ਦਾ ਬਜਟ ਦਿਸ਼ਾਹੀਣ ਤੇ ਲੋਕ ਵਿਰੋਧੀ, ਪੰਜਾਬ ਦੇ ਲੋਕਾਂ ਨਾਲ ਇਕ ਹੋਰ ਵੱਡਾ ਮਜ਼ਾਕ: ਮਨਪ੍ਰੀਤ ਸਿੰਘ ਮਨੀ

ਹੰਡਿਆਇਆ-9 ਮਾਰਚ(ਰਾਕੇਸ਼ ਜੇਠੀ): ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਦੇ ਉੱਗੇ ਆਗੂ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਨੇ ਇਸ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਤੇ ਦਿਸ਼ਾਹੀਣ ਕਰਾਰ ਦਿੱਤਾ ਹੈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਜਟ ਪੰਜਾਬ ਦੇ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਹੈ ਤੇ ਇਸ ’ਚ ਸੂਬੇ ਦੇ ਵਿਕਾਸ ਲਈ ਕੋਈ ਵੀ ਸਪਸ਼ਟ ਰੋਡਮੈਪ ਨਜ਼ਰ ਨਹੀਂ ਆ ਰਿਹਾ। ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਖੇਤੀਬਾੜੀ ਲਈ ਬਜਟ ’ਚ ਕੁਝ ਵੀ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਸਰਕਾਰ ਨੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਹਨ। ਪਰ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਖੇਤੀਬਾੜੀ ਨੂੰ ਲੰਬੇ ਸਮੇਂ ਲਈ ਟਿਕਾਊ ਬਣਾਉਣ ਜਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ `ਆਪ ਸਰਕਾਰ ਨੇ ਕਿਸਾਨਾਂ ਨਾਲ ਸਿਰਫ਼ ਚੋਣਾਂ ਵੇਲੇ ਹੀ ਵਾਅਦੇ ਕੀਤੇ ਸਨ। ਜਦਕਿ ਜ਼ਮੀਨੀ ਪੱਧਰ ਤੇ ਅੱਜ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਮਨਪ੍ਰੀਤ ਸਿੰਘ ਨੇ ਰਾਜ ਦੀ ਮਾੜੀ ਵਿੱਤੀ ਹਾਲਤ `ਤੇ ਚਿੰਤਾ ਜਤਾਉਂਦਿਆਂ ਕਿਹਾ ਕਿ `ਆਪ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦਾ ਬੋਝ ਕਾਫੀ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਕੋਲ ਆਮਦਨ ਵਧਾਉਣ ਦਾ ਕੋਈ ਹਕੀਕਤੀ ਰਸਤਾ ਨਹੀਂ ਹੈ। ਇਹ ਸਰਕਾਰ ਸਿਰਫ਼ ਕਰਜ਼ੇ ਲੈ ਕੇ ਡੰਗ ਟਪਾ ਰਹੀ ਹੈ। ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਔਰਤਾਂ ਦੇ ਮੁੱਦਿਆਂ `ਤੇ ਬੋਲਦਿਆਂ ਕਿਹਾ ਕਿ ਸੂਬੇ ਦੀਆਂ ਮਹਿਲਾਵਾਂ ਅੱਜ ਵੀ ਆਪਣੇ ਹੱਕਾਂ ਤੇ ਸੁਰੱਖਿਆ ਲਈ ਲੜ ਰਹੀਆਂ ਹਨ। ਪਰ ਬਜਟ ’ਚ ਉਨ੍ਹਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਨਜ਼ਰ ਆਏ। ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਖਾਲੀ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਤੋਂ ਅੱਕ ਚੁੱਕੇ ਹਨ। ਉਹ ਪਾਰਦਰਸ਼ਤਾ, ਜਵਾਬਦੇਹੀ ਤੇ ਅਸਲ ਵਿਕਾਸ ਚਾਹੁੰਦੇ ਹਨ, ਜੋ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਮਿਲ ਸਕਦਾ ਹੈ।
—ਨੌਜਵਾਨਾਂ ਤੇ ਬੇਰੁਜ਼ਗਾਰੀ ਨਾਲ ਕੀਤਾ ਮਜ਼ਾਕ
ਬੇਰੁਜ਼ਗਾਰੀ ਦੇ ਮੁੱਦੇ `ਤੇ ਸਰਕਾਰ ਨੂੰ ਘੇਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਉਮੀਦ ਲਾਈ ਬੈਠਾ ਸੀ। ਪਰ ਇਹ ਬਜਟ ਨੌਕਰੀਆਂ ਸਿਰਜਣ ਦੇ ਮਾਮਲੇ ’ਚ ਪੂਰੀ ਤਰ੍ਹਾਂ ਖ਼ਾਮੋਸ਼ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਸਰਕਾਰ ਸਿਰਫ਼ ਆਪਣੇ ਪ੍ਰਚਾਰ `ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਉਦਯੋਗਿਕ ਵਿਕਾਸ ਲਈ ਕੋਈ ਨਵੀਂ ਰਣਨੀਤੀ ਨਾ ਹੋਣ ਕਾਰਨ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ’ਚ ਧਸਦਾ ਜਾ ਰਿਹਾ ਹੈ।
—ਛੋਟੇ ਵਪਾਰੀਆਂ ਤੇ ਆਮ ਵਰਗ ਦੇ ਪੱਲੇ ਪਈ ਨਿਰਾਸ਼ਾ
ਅਕਾਲੀ ਆਗੂ ਮਨਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਮਹਿੰਗਾਈ ਦੇ ਦੌਰ ’ਚ ਛੋਟੇ ਵਪਾਰੀਆਂ ਤੇ ਮੱਧ ਵਰਗ ਨੂੰ ਇਸ ਬਜਟ ਤੋਂ ਵੱਡੀਆਂ ਉਮੀਦਾਂ ਸਨ। ਪਰ ਸਰਕਾਰ ਨੇ ਉਨ੍ਹਾਂ ਨੂੰ ਵੀ ਨਿਰਾਸ਼ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਵਰਗੇ ਬੁਨਿਆਦੀ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਕੋਈ ਗੰਭੀਰ ਉਪਰਾਲਾ ਨਹੀਂ ਦਿਖਾਇਆ ਗਿਆ। ਸਿਰਫ਼ ਪੁਰਾਣੀਆਂ ਸਕੀਮਾਂ ਨੂੰ ਨਵੇਂ ਰੰਗ-ਰੂਪ ’ਚ ਪੇਸ਼ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
