ਝੂਠੀ ਟੌਹਰ ਅਤੇ ਪੁਲਿਸ ਸੁਰੱਖਿਆ ਲਈ ਰਚਿਆ ਡਰਾਮਾ ਬੇਨਕਾਬ – ਭੱਠਾ ਮਾਲਕ ਸਮੇਤ 5 ਕਾਬੂ

ਬਰਨਾਲਾ-8 ਮਾਰਚ-(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਨੇ ਇੱਕ ਹੈਰਾਨੀਜਨਕ ਅਤੇ ਸਨਸਨੀਖੇਜ਼ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਉਸ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ ਜਿਸ ਵਿੱਚ ਇੱਕ ਇੱਟ ਭੱਠਾ ਮਾਲਕ ਨੇ ਖੁਦ ਹੀ ਗੈਂਗਸਟਰਾਂ ਦੇ ਨਾਂ ’ਤੇ ਧਮਕੀਆਂ ਦਿਵਾ ਕੇ ਫਿਰੌਤੀ ਮੰਗਣ ਦਾ ਨਾਟਕ ਰਚਿਆ ਸੀ, ਤਾਂ ਜੋ ਸਮਾਜ ਵਿੱਚ ਆਪਣੀ ਦਹਿਸ਼ਤ ਬਣਾਈ ਜਾ ਸਕੇ ਅਤੇ ਸਰਕਾਰੀ ਗੰਨਮੈਨ ਹਾਸਲ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਐਸਪੀ ਅਸ਼ੋਕ ਕੁਮਾਰ, ਡੀਐਸਪੀ ਰਾਜਿੰਦਰ ਪਾਲ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਮੌਜੂਦਗੀ ਵਿੱਚ ਦੱਸਿਆ ਕਿ ਸ਼ਿਵਮ ਮਿੱਤਲ ਉਰਫ਼ ਨਵੀ ਨਾਮਕ ਭੱਠਾ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਤਕਨੀਕੀ ਜਾਂਚ ਅਤੇ ਡੂੰਘੀ ਪੜਤਾਲ ਸ਼ੁਰੂ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਾਰਾ ਡਰਾਮਾ ਖੁਦ ਸ਼ਿਕਾਇਤਕਰਤਾ ਵੱਲੋਂ ਹੀ ਰਚਿਆ ਗਿਆ ਸੀ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਸ਼ਿਵਮ ਮਿੱਤਲ ਨੇ ਆਪਣੇ ਡਰਾਈਵਰ ਪਰਮਜੀਤ ਸਿੰਘ ਅਤੇ ਕਰਮਚਾਰੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਇਹ ਸਾਜ਼ਿਸ਼ ਤਿਆਰ ਕੀਤੀ ਸੀ।
ਸਾਜ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰਪ੍ਰੀਤ ਸਿੰਘ ਦੇ ਦੋਸਤ ਕੁਲਵੰਤ ਰਾਏ ਅਤੇ ਕਮਲਪ੍ਰੀਤ, ਜੋ ਕਿ ਪਿੰਡ ਭਾਈ ਰੂਪਾ (ਜ਼ਿਲ੍ਹਾ ਬਠਿੰਡਾ) ਦੇ ਰਹਿਣ ਵਾਲੇ ਹਨ, ਦੀ ਮਦਦ ਲਈ ਗਈ। ਇਨ੍ਹਾਂ ਵੱਲੋਂ ਵੱਖ-ਵੱਖ ਮੋਬਾਈਲ ਨੰਬਰਾਂ ਅਤੇ ਵਟਸਐਪ ਵੌਇਸ ਮੈਸੇਜਾਂ ਰਾਹੀਂ ਸ਼ਿਵਮ ਮਿੱਤਲ ਨੂੰ ਗੈਂਗਸਟਰਾਂ ਦੇ ਨਾਂ ’ਤੇ ਧਮਕੀਆਂ ਭੇਜੀਆਂ ਜਾਂਦੀਆਂ ਰਹੀਆਂ, ਤਾਂ ਜੋ ਪੁਲਿਸ ਨੂੰ ਗੁੰਮਰਾਹ ਕਰਕੇ ਸੁਰੱਖਿਆ ਪ੍ਰਾਪਤ ਕੀਤੀ ਜਾ ਸਕੇ।
ਪੁਲਿਸ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਤੇਜ਼ ਕਾਰਵਾਈ ਕਰਦਿਆਂ ਇਸ ਸਾਜ਼ਿਸ਼ ਵਿੱਚ ਸ਼ਾਮਲ ਭੱਠਾ ਮਾਲਕ ਸਮੇਤ ਪੰਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ .315 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਇਨੋਵਾ ਗੱਡੀ ਵੀ ਬਰਾਮਦ ਕੀਤੀ ਗਈ ਹੈ।
ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਝੂਠੀ ਸੂਚਨਾ ਦੇ ਕੇ ਪੁਲਿਸ ਨੂੰ ਗੁੰਮਰਾਹ ਕਰਨ, ਅਫਵਾਹਾਂ ਫੈਲਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਸਾਜ਼ਿਸ਼ਾਂ ਨਾ ਸਿਰਫ਼ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਪੁਲਿਸ ਦੇ ਕੀਮਤੀ ਸਮੇਂ ਅਤੇ ਸਰੋਤਾਂ ਦੀ ਵੀ ਬਰਬਾਦੀ ਕਰਦੀਆਂ ਹਨ।

