ਮਨਿੰਦਰ ਸ਼ਰਮਾ ਦੀ ਅਚਾਨਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ….

ਮਨਿੰਦਰ ਸ਼ਰਮਾ ਦੀ ਫਾਈਲ ਫੋਟੋ
ਹੰਡਿਆਇਆ-11ਫ਼ਰਵਰੀ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿੱਚ ਉਸ ਵੇਲੇ ਗਹਿਰਾ ਸੋਗ ਛਾ ਗਿਆ ਜਦੋਂ ਮਨਿੰਦਰ ਸ਼ਰਮਾ (32) ਪੁੱਤਰ ਪ੍ਰਵੀਨ ਸ਼ਰਮਾ (ਨਕਸ਼ਾ ਨਵੀਸ) ਵਾਸੀ ਕਿਲਾ ਪੱਤੀ ਹੰਡਿਆਇਆ, ਦੀ ਅਚਾਨਕ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ। ਇਸ ਅਣਹੋਣੀ ਨਾਲ ਪਰਿਵਾਰ ਹੀ ਨਹੀਂ ਸਗੋਂ ਪਿੰਡ ਵਾਸੀਆਂ ਅਤੇ ਜਾਣ-ਪਛਾਣ ਵਾਲਿਆਂ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਨਿੰਦਰ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁੱਡੀ ਕਲਾਂ ਵਿੱਚ ਸਰਕਾਰੀ ਅਧਿਆਪਕ ਵਜੋਂ ਨਿਯੁਕਤ ਸਨ। ਉਹ ਆਪਣੇ ਨਿਮਰ ਸੁਭਾਉ, ਮਿਲਣਸਾਰ ਤਬੀਅਤ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਭਾਵਨਾ ਕਰਕੇ ਸਕੂਲ ਅਤੇ ਸਮਾਜ ਵਿੱਚ ਖਾਸ ਮਕਾਮ ਰੱਖਦੇ ਸਨ। ਪਿਛਲੇ ਦਿਨੀਂ ਉਹ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਗਏ ਹੋਏ ਸਨ। ਉੱਥੋਂ ਸਵੇਰੇ ਅਚਾਨਕ ਤਬੀਅਤ ਵਿਗੜਣ ਕਾਰਨ ਉਨ੍ਹਾਂ ਦੀ ਅਚਨਚੇਤ ਮੌਤ ਹੋ ਗਈ।
ਇਸ ਅਚਾਨਕ ਵਿਛੋੜੇ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਾਸੀਆਂ, ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਮਨਿੰਦਰ ਸ਼ਰਮਾ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ। ਹਰ ਕੋਈ ਉਨ੍ਹਾਂ ਦੇ ਸੁਹਣੇ ਸੁਭਾਉ ਅਤੇ ਸੇਵਾ ਭਾਵ ਨੂੰ ਯਾਦ ਕਰ ਰਿਹਾ ਹੈ।
ਉਹਨਾਂ ਦਾ ਅੰਤਿਮ ਸੰਸਕਾਰ ਰਾਮਬਾਗ ਹੰਡਿਆਇਆ ਵਿਖੇ ਕੀਤਾ ਗਿਆ। ਸੰਸਕਾਰ ਮੌਕੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ ਤੇ ਅਸ਼ਵਨੀ ਸ਼ਰਮਾ, ਭੂਸ਼ਣ ਕੁਮਾਰ, ਗੁਰਜੀਤ ਖੁੱਡੀ, ਬੰਧਨਤੋੜ ਸਿੰਘ, ਯੋਗਿੰਦਰ ਸ਼ਰਮਾ, ਸਤਪਾਲ ਬਾਵਾ, ਜਗਤਾਰ ਸਿੰਘ, ਦੀਪਕ ਗੌੜ ਸਮੇਤ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂ, ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਸਕੂਲ ਸਟਾਫ ਵੀ ਹਾਜ਼ਰ ਸਨ।ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਸ ਅਸਹਿਣੀ ਪੀੜ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰੇ।
