ਹੰਡਿਆਇਆ ‘ਚ 10 ਲੱਖ ਦੇ ਬੀਮਾ ਕਾਰਡ ਦਾ ਕੈਂਪ, ਸੂਚਨਾ ‘ਚ ਹੀ “ਬੀਮਾਰ” ਨਜ਼ਰ ਆਈ ਪ੍ਰਸ਼ਾਸਨਿਕ ਵਿਵਸਥਾ

ਹੰਡਿਆਇਆ-9ਫ਼ਰਵਰੀ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਸ਼ਾਂਤੀ ਹਾਲ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਵਾਲੇ ਬੀਮਾ ਕਾਰਡਾਂ ਦੀ ਰਜਿਸਟਰੇਸ਼ਨ ਲਈ ਕੈਂਪ ਲਗਾਇਆ ਗਿਆ। ਕੈਂਪ ਦਾ ਮਕਸਦ ਤਾਂ ਲੋਕਾਂ ਦੀ ਸਿਹਤ ਸੁਰੱਖਿਆ ਦੱਸਿਆ ਗਿਆ, ਪਰ ਸੂਚਨਾ ਪ੍ਰਣਾਲੀ ਦੀ “ਕਮਜ਼ੋਰ ਸਿਹਤ” ਸਾਫ਼ ਨਜ਼ਰ ਆਈ।
ਇਸ ਮੌਕੇ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ 10 ਲੱਖ ਵਾਲੇ ਬੀਮਾ ਕਾਰਡ ਰਜਿਸਟਰੇਸ਼ਨ ਤੋਂ ਰਹਿ ਗਏ ਸਨ, ਉਹਨਾਂ ਦੀ ਰਜਿਸਟਰੇਸ਼ਨ ਅੱਜ ਕੀਤੀ ਜਾ ਰਹੀ ਹੈ। ਨਾਲ ਹੀ ਜਿਨ੍ਹਾਂ ਲੋਕਾਂ ਦੇ ਪਹਿਲਾਂ 5 ਲੱਖ ਵਾਲੇ ਆਯੁਸ਼ਮਾਨ ਕਾਰਡ ਬਣੇ ਹੋਏ ਸਨ, ਉਹਨਾਂ ਨੂੰ ਹੁਣ 10 ਲੱਖ ਵਿੱਚ ਅਪਗਰੇਡ ਕੀਤਾ ਜਾ ਰਿਹਾ ਹੈ।
ਪਰ ਜਦੋਂ ਲੋਕਾਂ ਨੇ ਸਵਾਲ ਉਠਾਇਆ ਕਿ ਇਸ ਕੈਂਪ ਦੀ ਸੂਚਨਾ ਪਹਿਲਾਂ ਕਿਉਂ ਨਹੀਂ ਦਿੱਤੀ ਗਈ, ਤਾਂ ਜਵਾਬ ਵੀ ਕਾਬਲੇ-ਗੌਰ ਰਿਹਾ। ਕਰਮਚਾਰੀ ਵੱਲੋਂ ਕਿਹਾ ਗਿਆ ਕਿ ਕੈਂਪ ਦੀ ਜਾਣਕਾਰੀ ਪਹੁੰਚਾਉਣ ਦੀ ਜਿੰਮੇਵਾਰੀ ਆਸ਼ਾ ਵਰਕਰਾਂ ਨੂੰ ਦਿੱਤੀ ਗਈ ਸੀ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਆਸ਼ਾ ਵਰਕਰਾਂ ਦੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚੀ, ਤਾਂ ਫਿਰ ਸਰਕਾਰ ਦੀ ਯੋਜਨਾ ਸਿਰਫ਼ ਫਾਈਲਾਂ ਤੇ ਐਡਵਰਟਾਈਜਮੈਂਟ ਤੱਕ ਹੀ ਸੀਮਿਤ ਰਹਿ ਗਈ?
ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਸਰਕਾਰ 10 ਲੱਖ ਦੇ ਬੀਮੇ ਦੀ ਗੱਲ ਤਾਂ ਵੱਡੀ ਕਰ ਰਹੀ ਹੈ, ਪਰ ਜਮੀਨੀ ਪੱਧਰ ‘ਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਵਿੱਚ ਅਜੇ ਵੀ “ਪਿਛੜਦੀ” ਨਜ਼ਰ ਆਈ।
ਕੈਂਪ ਦੌਰਾਨ ਬੀਮਾ ਕਾਰਡ ਬਣਾਉਣ ਲਈ ਟੇਕ ਇੰਦਰ ਸਿੰਘ, ਗੌਤਮ ਵਰਮਾ ਅਤੇ ਗੌਰਵ ਗੋਇਲ ਹਾਜ਼ਰ ਰਹੇ। ਹਾਲਾਂਕਿ ਕੈਂਪ ਦੀ ਹਾਜ਼ਰੀ ਘੱਟ ਰਹਿਣ ਕਾਰਨ ਇਹ ਗੱਲ ਸਾਫ਼ ਹੋ ਗਈ ਕਿ ਜੇ ਸੂਚਨਾ ਹੀ ਨਾ ਮਿਲੇ, ਤਾਂ ਯੋਜਨਾ ਚਾਹੇ 10 ਲੱਖ ਦੀ ਹੋਵੇ ਜਾਂ 50 ਲੱਖ ਦੀ, ਲੋਕਾਂ ਲਈ ਕਾਗਜ਼ੀ ਦਾਅਵਾ ਹੀ ਬਣ ਕੇ ਰਹਿ ਜਾਂਦੀ ਹੈ।
