ਅੰਗਰੇਜ਼ੀ ਅਧਿਆਪਕਾ ਦਾ ਡੈਪੂਟੇਸ਼ਨ ਰੱਦ ਕਰਨ ਲਈ ਪ੍ਰਦਰਸ਼ਨ

ਤਪਾ-05ਫਰਵਰੀ (ਰਾਕੇਸ਼ ਜੇਠੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ),ਤਪਾ ਵਿੱਚ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਦੇ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਨੇ ਵਿਦਿਆਰਥੀਆਂ ਸਮੇਤ ਸਕੂਲ ਦਾ ਮੁੱਖ ਗੇਟ ਬੰਦ ਕਰ ਕੇ ਧਰਨਾ ਲਗਾਇਆ ਅਤੇ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲਗਭਗ ਇੱਕ ਸਾਲ ਤੋਂ ਸੀਨੀਅਰ ਕਲਾਸਾਂ ਲਈ ਅੰਗਰੇਜ਼ੀ ਦਾ ਕੋਈ ਪੱਕਾ ਲੈਕਚਰਾਰ ਮੌਜੂਦ ਨਹੀਂ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਧਰਨੇ ਦੌਰਾਨ ਮਾਪਿਆਂ ਦੇ ਪ੍ਰਤੀਨਿਧੀ ਦਵਿੰਦਰ ਦਿਕਸ਼ਿਤ(ਟੀਟੂ), ਰਾਜ ਸਿੰਘ, ਰੇਸ਼ਮ ਸਿੰਘ, ਨੀਟੂ ਸਿੰਘ, ਬਲਵੰਤ ਸਿੰਘ ਸਰੋਏ, ਜਗਸੀਰ ਸਿੰਘ ਅਤੇ ਜੱਸੀ ਚੱਠਾ ਨੇ ਦੱਸਿਆ ਕਿ ਸਬੰਧਿਤ ਅੰਗਰੇਜ਼ੀ ਅਧਿਆਪਕਾ ਦਾ ਡੈਪੂਟੇਸ਼ਨ ਰਾਜਨੀਤਿਕ ਦਬਾਅ ਹੇਠ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਆਪਕਾ ਤਨਖਾਹ ਇਸ ਸਕੂਲ ਤੋਂ ਲੈਂਦੀ ਹੈ, ਜਦਕਿ ਡਿਊਟੀ ਬਠਿੰਡਾ ਵਿੱਚ ਨਿਭਾ ਰਹੀ ਹੈ। ਇਸ ਕਾਰਨ ਇੱਥੋਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮਾਪਿਆਂ ਨੇ ਕਿਹਾ ਕਿ ਬੋਰਡ ਕਲਾਸਾਂ ਵਿੱਚ ਅੰਗਰੇਜ਼ੀ ਅਹਿਮ ਵਿਸ਼ਾ ਹੈ ਅਤੇ ਇਸ ਵਿਸ਼ੇ ਦੇ ਅਧਿਆਪਕ ਦੀ ਘਾਟ ਕਾਰਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਅਤੇ ਮੌਖਿਕ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਮਾਪਿਆਂ ਇਹ ਵੀ ਦੱਸਿਆ ਕਿ ਸਕੂਲ ਵਿੱਚ ਹੋਰ ਕਈ ਵਿਸ਼ਿਆਂ ਦੇ ਅਧਿਆਪਕਾਂ ਦੀ ਵੀ ਘਾਟ ਚੱਲ ਰਹੀ ਹੈ। ਚੌਕੀਦਾਰ ਸਮੇਤ ਕੁਝ ਗੈਰ-ਅਧਿਆਪਕ ਅਸਾਮੀਆਂ ਵੀ ਖਾਲੀ ਹਨ, ਜਿਸ ਨਾਲ ਪ੍ਰਬੰਧਕੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅੰਗਰੇਜ਼ੀ ਅਧਿਆਪਕਾ ਦਾ ਡੈਪੂਟੇਸ਼ਨ ਤੁਰੰਤ ਰੱਦ ਕਰਕੇ ਉਸ ਨੂੰ ਮੁੜ ਤਪਾ ਮੁੰਡੇ ਸਕੂਲ ਵਿੱਚ ਤਾਇਨਾਤ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੈਪੂਟੇਸ਼ਨ ਅਤੇ ਬਦਲੀਆਂ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਨੇ ਦੱਸਿਆ,‘ਮੇਰੇ ਵੱਲੋਂ ਕੋਈ ਵੀ ਡੇਪੂਟੇਸ਼ਨ ਨਹੀਂ ਕੀਤਾ ਗਿਆ। ਜੇ ਸਿੱਖਿਆ ਵਿਭਾਗ ਦੇ ਉਚ-ਅਧਿਕਾਰੀਆਂ ਵੱਲੋਂ ਕੋਈ ਡੇਪੂਟੇਸ਼ਨ ਕੀਤਾ ਗਿਆ ਹੈ ਤਾਂ ਸਬੰਧਿਤ ਸਕੂਲ ਦਾ ਪ੍ਰਿੰਸੀਪਲ ਲਿਖ ਕੇ ਭੇਜ ਦੇਵੇ। ਇਸ ਮਗਰੋਂ ਉਹ ਉਚ-ਅਧਿਕਾਰੀਆਂ ਨੂੰ ਡੈਪੂਟੇਸ਼ਨ ਰੱਦ ਕਰਨ ਸਬੰਧੀ ਲਿਖ ਸਕਦੇ ਹਨ।
