ਪਿੰਡ ਸ਼ਹਿਣਾ ’ਚ ਕੂੜੇ ਦੀ ਸਮੱਸਿਆ ਵੱਡੀ: ਥਾਂ-ਥਾਂ ’ਤੇ ਲੱਗੇੇ ਕੂੜੇ ਦੇ ਢੇਰ

ਸ਼ਹਿਣਾ, 3 ਫਰਵਰੀ(ਰਾਕੇਸ਼ ਜੇਠੀ)- ਬਰਨਾਲਾ ਜਿਲੇ ਦਾ ਸਭ ਤੋ ਵੱਡਾ ਪਿੰਡ ਸ਼ਹਿਣਾ ਹੈ। ਜਿਸ ਪਿੰਡ ’ਚ ਕਾਫੀ ਲੰਮੇ ਸਮੇਂ ਤੋ ਵਿਕਾਸ ਕਾਰਜ ਰੁਕੇ ਪਏ ਹਨ। ਪਰ ਹੁਣ ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਕਰਕਟ ਨੂੰ ਲੈਕੇ ਬਣੀ ਹੋਈ ਹੈ ਕਿਉਂਕਿ ਕੂੜਾ ਸੁੱਟਣ ਲਈ ਜਗਾ ਬਣੀ ਹੋਣ ਦੇ ਬਾਵਜੂਦ ਹੁਣ ਕੂੜੇ ਵਾਲੀਆਂ ਰੇਹੜੀਆ ਵਾਲੇ ਮੰਦਰ ਬੀਬੜੀਆ ਮਾਈਆ ਦੇ ਚਾਰ ਚੁਫੇਰੇ ਕੂੜਾ ਸੁੱਟਣ ਲੱਗੇ ਹੋਏ ਹਨ। ਜੇ ਪਿੰਡ ਦਾ ਕੋਈ ਵੀ ਵਿਅਕਤੀ ਘਰੋ ਕੂੜਾ ਇਕੱਠਾ ਕਰਕੇ ਲਿਆਉਦਾ ਹੈ ਤਾਂ ਮੰਦਰ ਬੀਬੜੀਆ ਮਾਈਆ ਦੇ ਖੱਬੇ ਪਾਸੇ ਗਰਿੱਡ ਮੂਹਰੇ ਢੇਰ ਲਗਾ ਰਹੇ ਹਨ ਜਾਂ ਮੰਦਰ ਅੱਗੇ ਥਾਪਰ ਮਾਡਲ ਤੋਂ ਇਲਾਵਾ ਮੰਦਰ ਦੇ ਸੱਜੇ ਪਾਸੇ ਸਮਸ਼ਾਨਘਾਟ ਕੋਲ ਵੱਡੇ ਗੰਦਗੀ ਦੇ ਢੇਰ ਲਗਾਏ ਜਾ ਰਹੇ ਹਨ। ਹੁਣ 22 ਮਾਰਚ ਨੂੰ ਬੀਬੜੀਆਂ ਮਾਈਆਂ ਦੇ ਮੇਲੇ ਤੋਂ ਪਹਿਲਾ ਇਸ ਗੰਦਗੀ ਦੇ ਢੇਰਾਂ ਦੀ ਸਫਾਈ ਕਰਵਾਉਣੀ ਵੱਡੀ ਸਮੱਸਿਆ ਬਣੀ ਹੋਈ ਹੈ। ਭਾਕਿਯੂ ਕਾਦੀਆਂ ਦੇ ਜਿਲਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਤੇ ਪ੍ਭਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਗਰਾਮ ਪੰਚਾਇਤ ਸ਼ਹਿਣਾ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ। ਪਰ ਅਜੇ ਤਕ ਕੋਈ ਪੁਖਤਾ ਹੱਲ ਨਹੀ ਹੋਇਆ। ਇਸ ਨਾਲ ਨਿਕਾਸੀ ਨਾਲੇ ਬੰਦ ਹੋ ਰਹੇ ਹਨ ਕਿਉਂਕਿ ਇਸ ਗੰਦਗੀ ਦੇ ਢੇਰਾਂ ’ਚੋ ਬਦਬੂ ਮਾਰਦੀ ਹੈ ਤੇ ਬਿਮਾਰੀ ਫੈਲਣ ਦਾ ਡਰ ਹੈ। ਜਿਸ ਕਰਕੇ ਇਸਦਾ ਹੱਲ ਕਰਨਾ ਬਹੁਤ ਜਰੂਰੀ ਹੈ। ਪਿੰਡ ਦੀ ਸਾਫ ਸਫਾਈ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਛਿਮਾਹੀ ਮੇਲੇ ’ਤੇ ਸੰਗਤਾ ਦੇਸ਼ਾਂ ਵਿਦੇਸ਼ਾਂ ਤੋਂ ਇਥੇ ਆਉਦੀਆਂ ਹਨ। ਗਰਾਮ ਪੰਚਾਇਤ ਸ਼ਹਿਣਾ ਤੇ ਸਬੰਧਿਤ ਪ੍ਰਸ਼ਾਸਨ ਨੂੰ ਅਪੀਲ ਹੈ ਇਸਦਾ ਜਲਦੀ ਹੱਲ ਕੀਤਾ ਜਾਵੇ।
