ਬਰਨਾਲਾ ਪੁਲਿਸ ਵੱਲੋਂ ਆਨਲਾਈਨ ਧੋਖਾਧੜੀ ਗਿਰੋਹ ਦਾ ਪਰਦਾਫਾਸ਼, ਚਾਰ ਮੁਲਜ਼ਮ ਨਾਮਜ਼ਦ

ਬਰਨਾਲਾ-03ਫਰਵਰੀ (ਰਾਕੇਸ਼ ਜੇਠੀ)- ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਵਿਅਕਤੀਆਂ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਖ਼ਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਸ੍ਰੀ ਸਤਵੀਰ ਸਿੰਘ ਪੀ.ਪੀ.ਐਸ., ਉਪ-ਕਪਤਾਨ ਪੁਲਿਸ ਸਾਈਬਰ ਕਰਾਈਮ, ਬਰਨਾਲਾ ਦੀ ਅਗਵਾਈ ਹੇਠ ਕੀਤੀ ਗਈ।
ਪੁਲਿਸ ਮੁਤਾਬਕ ਮੁਲਜ਼ਮਾਂ ਵੱਲੋਂ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ Mule Bank Accounts ਰਾਹੀਂ ਆਨਲਾਈਨ ਧੋਖਾਧੜੀ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਦੇਸ਼ਾਂ ਵਿੱਚ ਬੈਠੇ ਠੱਗ ਫ਼ਰਜ਼ੀ ਨੰਬਰਾਂ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫ਼ਰ ਕਰਵਾਉਂਦੇ ਸਨ।
ਇਸ ਮਾਮਲੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਨਾਲ ਸੰਬੰਧਿਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਲਗਭਗ 10 ਲੱਖ 19 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਥਾਣਾ ਸਾਈਬਰ ਕਰਾਈਮ ਬਰਨਾਲਾ ਵਿਖੇ ਬਾਹਰਲੇ ਰਿਸ਼ਤੇਦਾਰ ਬਣ ਕੇ 10 ਲੱਖ 19 ਹਜਾਰ ਰੁਪਏ ਠੱਗੀ ਮਾਰਨ ਸਬੰਧੀ ਮੁਦਈ ਆਤਮਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਲੋਹਗੜ ਜਿਲ੍ਹਾ ਬਰਨਾਲਾ ਦੇ ਬਿਆਨ ਤੇ FIR ਨੰਬਰ 04 ਮਿਤੀ 31.01.2026 ਅਧੀਨ ਧਾਰਾ 318(4) ਬੀ.ਐਨ.ਐਸ. ਅਤੇ 66(D) ਆਈ.ਟੀ. ਐਕਟ 2000 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤਹਿਤ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਦੀ ਪਹਿਚਾਨ ਲਵਦੀਪ ਸਿੰਘ ਉਰਫ ਲਵਲੀ ਪੁੱਤਰ ਬਲਵੀਰ ਸਿੰਘ ਵਾਸੀ ਜਲੋਕੇ ਮਮਦੋਟ ਜਿਲਾ ਫਿਰੋਜ਼ਪੁਰ, ਮਲਕੀਤ ਸਿੰਘ ਉਰਫ ਕੀਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਲੋਕੇ ਮਮਦੋਟ ਜਿਲਾ ਫਿਰੋਜ਼ਪੁਰ. ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਸੇਠਾ ਵਾਲਾ ਮਮਦੋਟ ਜਿਲਾ ਫਿਰੋਜ਼ਪੁਰ, ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਛਾਂਗਾ ਖੁਰਦ ਜਿਲਾ ਫਿਰੋਜ਼ਪੁਰ ਵਜੋਂ ਹੋਈ ਹੈ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਪਛਾਤੇ ਫ਼ੋਨ ਨੰਬਰਾਂ, ਵਿਦੇਸ਼ੀ ਕਾਲਾਂ ਜਾਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਲਾਲਚੀ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ। ਕਿਸੇ ਵੀ ਅਣਜਾਣ ਵਿਅਕਤੀ ਦੇ ਕਹਿਣ ‘ਤੇ ਆਪਣਾ ਬੈਂਕ ਖਾਤਾ ਵਰਤਣ ਜਾਂ ਪੈਸੇ ਟ੍ਰਾਂਸਫ਼ਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਲਕੀਤ ਸਿੰਘ ਉਰਫ ਕੀਤੂ ਮੈਕਸੀਕੋ ਤੋਂ ਡਿਪੋਰਟ ਹੋ ਕੇ ਆਇਆ ਹੈ ਜਿੱਥੋਂ ਇਸ ਦੇ ਲਿੰਕ ਪਾਕਿਸਤਾਨ ਅਤੇ ਦੁਬਈ ਵਿੱਚ ਬੈਠੇ ਵਿਅਕਤੀਆਂ ਨਾਲ ਹੋ ਗਏ ਸਨ ਜਿਸ ਤੋਂ ਬਾਅਦ ਇਹਨਾਂ ਨੇ ਆਪਣਾ ਇੱਕ ਗਿਰੋਹ ਬਣਾ ਕੇ ਇੱਥੇ ਕੰਮ ਸ਼ੁਰੂ ਕਰ ਦਿੱਤਾ ਸੀ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ Mule Bank Accounts ਦੀ ਵਰਤੋਂ ਇੱਕ ਗੰਭੀਰ ਅਪਰਾਧ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
