ਬਰਨਾਲਾ ਵਿੱਚ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ

ਬਰਨਾਲਾ-17ਜਨਵਰੀ(ਰਾਕੇਸ਼ ਜੇਠੀ)-ਬਰਨਾਲਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਅੱਜ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦਾ ਸਫਲ ਆਯੋਜਨ ਬਰਨਾਲਾ ਕਲੱਬ ਵਿਚ ਕੀਤਾ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
ਐਸੋਸੀਏਸ਼ਨ ਦੇ ਸਕੱਤਰ ਰਾਹੁਲ ਜਿੰਦਲ ਨੇ ਦੱਸਿਆ ਕਿ ਇਹ ਇੱਕ ਅਧਿਕਾਰਤ ਟੂਰਨਾਮੈਂਟ ਹੈ, ਜੋ ਰਾਜ ਪੱਧਰੀ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਲਈ ਯੋਗਤਾ ਹਾਸਲ ਕਰਨ ਵਾਸਤੇ ਮੰਨਿਆ ਜਾਵੇਗਾ। ਇਹ ਰਾਜ ਪੱਧਰੀ ਟੂਰਨਾਮੈਂਟ ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਵੱਲੋਂ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿੱਚ ਕਰਵਾਇਆ ਜਾਣਾ ਹੈ। ਬਰਨਾਲਾ ਜ਼ਿਲ੍ਹੇ ਤੋਂ ਜੇਤੂ ਖਿਡਾਰੀ ਉਕਤ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਟੂਰਨਾਮੈਂਟ ਪੰਜਾਬ ਰਾਜ ਗ੍ਰੇਡੇਸ਼ਨ ਲਈ ਵੀ ਵੈਧ ਹੈ, ਜਿਸ ਨਾਲ ਖਿਡਾਰੀਆਂ ਦੀ ਰੈਂਕਿੰਗ ਵਿੱਚ ਸੁਧਾਰ ਹੋਵੇਗਾ।ਇਸ ਮੌਕੇ ਲੁਧਿਆਣਾ ਤੋਂ ਦੀਨੇਸ਼ ਗੇਰਾ, ਜਤਿੰਦਰ ਅਤੇ ਨਿਰਭਯਾ ਸਿੰਘ ਵੀ ਮੌਜੂਦ ਰਹੇ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਐਸੋਸੀਏਸ਼ਨ ਵਲੋ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਐਸੋਸੀਏਸ਼ਨ ਵੱਲੋਂ ਸਾਰੇ ਭਾਗੀਦਾਰਾਂ, ਅਧਿਕਾਰੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
