ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਡਰ-16 ਅਤੇ ਅੰਡਰ-19 ਕ੍ਰਿਕਟ ਟਰਾਇਲਜ਼ 19 ਜਨਵਰੀ ਨੂੰ

ਬਰਨਾਲਾ, 17 ਜਨਵਰੀ (ਰਾਕੇਸ਼ ਜੇਠੀ) : ਬਰਨਾਲਾ ਜ਼ਿਲ੍ਹੇ ਦੇ ਉਭਰਦੇ ਕ੍ਰਿਕਟ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਵੱਲੋਂ ਅੰਡਰ-16 ਅਤੇ ਅੰਡਰ-19 (ਮੁੰਡਿਆਂ) ਦੀਆਂ ਟੀਮਾਂ ਦੀ ਚੋਣ ਲਈ ਵਿਸ਼ੇਸ਼ ਕ੍ਰਿਕਟ ਟਰਾਇਲਜ਼ 19 ਜਨਵਰੀ 2026, ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਹ ਟਰਾਇਲਜ਼ ਰਾਏਕੋਟ ਰੋਡ ‘ਤੇ ਸਥਿਤ ਟ੍ਰਾਈਡੈਂਟ ਕੰਪਲੈਕਸ ਵਿਖੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਸੂਬਾ ਤੇ ਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਉਣਾ ਹੈ।
ਯੋਗਤਾ ਅਤੇ ਸ਼ਰਤਾਂ:
ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹਨਾਂ ਟਰਾਇਲਜ਼ ਵਿੱਚ ਸਿਰਫ਼ ਉਹੀ ਖਿਡਾਰੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦਾ ਜਨਮ ਬਰਨਾਲਾ ਜ਼ਿਲ੍ਹੇ ਵਿੱਚ ਹੋਇਆ ਹੈ ਜਾਂ ਜੋ ਪਿਛਲੇ ਲਗਾਤਾਰ 3 ਸਾਲਾਂ ਤੋਂ ਜ਼ਿਲ੍ਹੇ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜ੍ਹਾਈ ਕਰ ਰਹੇ ਹਨ। ਟਰਾਇਲਜ਼ ਵਿੱਚ ਸ਼ਾਮਲ ਹੋਣ ਵਾਲੇ ਹਰ ਖਿਡਾਰੀ ਲਈ ਸਫੈਦ ਕ੍ਰਿਕਟ ਡਰੈੱਸ ਵਿੱਚ ਹੋਣਾ ਲਾਜ਼ਮੀ ਹੈ ਅਤੇ ਸਾਰੇ ਖਿਡਾਰੀਆਂ ਨੂੰ ਸਵੇਰੇ 11:30 ਵਜੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਮਰ ਦੀ ਸੀਮਾ :
ਅੰਡਰ-16: ਖਿਡਾਰੀ ਦਾ ਜਨਮ 01-09-2010 ਤੋਂ 31-08-2012 ਦੇ ਵਿਚਕਾਰ ਹੋਇਆ ਹੋਣਾ ਚਾਹੀਦਾ ਹੈ।
ਅੰਡਰ-19: ਖਿਡਾਰੀ ਦਾ ਜਨਮ 01-09-2007 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ।
ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਖਿਡਾਰੀਆਂ ਨੂੰ ਆਪਣੇ ਨਾਲ ਡਿਜੀਟਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਅਸਲ ਕਾਪੀ ਲਿਆਉਣੀ ਲਾਜ਼ਮੀ ਹੈ। ਬਿਨਾਂ ਦਸਤਾਵੇਜ਼ਾਂ ਦੇ ਕਿਸੇ ਵੀ ਖਿਡਾਰੀ ਨੂੰ ਟਰਾਇਲ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹੇ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮੌਕੇ ਦਾ ਲਾਭ ਉਠਾਉਣਗੇ। ਵਧੇਰੇ ਜਾਣਕਾਰੀ ਲਈ ਖਿਡਾਰੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
