ਬਰਨਾਲਾ ਨਗਰ ਨਿਗਮ ਚੋਣਾਂ: ਵਾਰਡ ਨੰਬਰ 44 ਤੋਂ ਪੱਤਰਕਾਰ ਸੁਰਿੰਦਰ ਗੋਇਲ ਵਲੋਂ ਅਜ਼ਾਦ ਚੋਣ ਲੜਨ ਦਾ ਐਲਾਨ

ਬਰਨਾਲਾ-12ਜਨਵਰੀ(ਰਾਕੇਸ਼ ਜੇਠੀ)- ਬਰਨਾਲਾ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਦੌਰਾਨ ਵਾਰਡ ਨੰਬਰ 44 ਪੱਤੀ ਰੋਡ, ਜੋ ਕਿ ਜਨਰਲ ਹੈ ਤੋਂ ਇਲਾਕੇ ਦੇ ਜਾਣੇ-ਪਛਾਣੇ ਤੇ ਪੱਤਰਕਾਰ ਸੁਰਿੰਦਰ ਗੋਇਲ ਨੇ ਵਾਰਡ ਨਿਵਾਸੀਆਂ ਦੇ ਭਾਰੀ ਸਮਰਥਨ ਦਾ ਹਵਾਲਾ ਦਿੰਦੇ ਹੋਏ ਇਸ ਵਾਰ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿਤਰਨ ਦਾ ਫੈਸਲਾ ਕੀਤਾ ਹੈ। ਸੁਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 44 ਦੇ ਲੋਕ ਕਈ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਇਕ ਪੱਤਰਕਾਰ ਹੋਣ ਦੇ ਨਾਤੇ ਮੈਂ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤਕ ਪਹੁੰਚਾਇਆ ਹੈ। ਪਰ ਹੁਣ ਵਾਰਡ ਦੀ ਦਸ਼ਾ ਸੁਧਾਰਨ ਲਈ ਖ਼ੁਦ ਚੋਣ ਲੜਨ ਦੇ ਇੱਛੁਕ ਹਨ। ਸੁਰਿੰਦਰ ਗੋਇਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਸਿਆਸੀ ਪਾਰਟੀ ਦੀ ਟਿਕਟ ਦੀ ਬਜਾਏ ਅਜ਼ਾਦ ਲੜਨ ਦਾ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਉਹ ਬਿਨਾਂ ਕਿਸੇ ਪਾਰਟੀਬਾਜ਼ੀ ਜਾਂ ਦਬਾਅ ਦੇ ਸਿਰਫ਼ ਆਪਣੇ ਵਾਰਡ ਦੇ ਲੋਕਾਂ ਪ੍ਰਤੀ ਜਵਾਬਦੇਹ ਰਹਿਣ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 44 ਦੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ।
—ਇੰਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੋਵੇਗੀ ਪਹਿਲਾ
ਉਨ੍ਹਾਂ ਨੇ ਵਾਰਡ ਦੀਆਂ ਮੁਖ ਸਮੱਸਿਆਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੀਵਰੇਜ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਤੇ ਸ਼ੁਧ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣੀ। ਵਾਰਡ ਦੇ ਹਨੇਰੇ ਵਾਲੇ ਕੋਨਿਆਂ ਤੋਂ ਇਲਾਵਾ ਹਰ ਗਲੀ ’ਚ ਸੋਲਰ ਸਟਰੀਟ ਲਾਈਟਾਂ ਲਗਵਾਉਣਾ। ਸਾਰੇ ਹੀ ਵਾਰਡ ਨੂੰ ਅਧੁਨਿਕ ਸੀਸੀਟੀਵੀ ਕੈਮਰਿਆਂ ਨਾਲ ਲੈਸ ਕਰਕੇ ਸੁਰੱਖਿਆ ਨੂੰ ਮਜ਼ਬੂਤ ਕਰਨਾ। ਨਗਰ ਨਿਗਮ ਦੇ ਕੰਮਾਂ ’ਚ ਪਾਰਦਰਸ਼ਤਾ ਲਿਆਉਣਾ।
—ਵਾਰਡ ਵਾਸੀਆਂ ’ਚ ਉਤਸ਼ਾਹ
ਸੁਰਿੰਦਰ ਗੋਇਲ ਦੇ ਇਸ ਐਲਾਨ ਤੋਂ ਬਾਅਦ ਵਾਰਡ ਨੰਬਰ 44 ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਪੜ੍ਹੇ-ਲਿਖੇ ਤੇ ਲੋਕ ਮੁੱਦਿਆਂ ਦੀ ਸਮਝ ਰੱਖਣ ਵਾਲੇ ਵਿਅਕਤੀ ਦਾ ਚੋਣ ਮੈਦਾਨ ’ਚ ਆਉਣਾ ਵਾਰਡ ਲਈ ਸ਼ੁਭ ਸੰਕੇਤ ਹੈ। ਗੋਇਲ ਨੇ ਅਖੀਰ ’ਚ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦਾ ਸਾਥ ਦੇਣ।
