ਕੰਪਨੀ ਦੀ ਫਰੈਂਚਾਈਜੀ ਦੇਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼

ਬਰਨਾਲਾ -08ਜਨਵਰੀ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਫਰੈਂਚਾਈਜੀ ਦੇਣ ਦੇ ਨਾਮ ਤੇ ਲੋਕਾਂ ਨਾਲ ਠੱਗੀਆਂ ਮਾਰਨ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗਿਰੋਹ ਦਾ ਪਰਦਾ ਫਾਸ਼ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਸਾਲ ਮਾਰਚ 2025 ਵਿੱਚ ਕੇ. ਆਈ. ਕੰਪਨੀ ਦੀ ਫਰੈਂਚਾਈਜੀ ਦੇਣ ਦੇ ਨਾਮ ਤੇ 58 ਲੱਖ ਰੁਪਏ ਦੀ ਠੱਗੀ ਮਾਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਅਸ਼ੋਕ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਦਾਨਾਪੁਰ ਖਗੋਲ ਜ਼ਿਲਾ ਪਟਨਾ ਅਤੇ ਸ਼ਾਮ ਸੁੰਦਰ ਪੁੱਤਰ ਜਵਾਹਰ ਲਾਲ ਪਿੰਡ ਜਾਮਣਗੰਜ ਜ਼ਿਲਾ ਜਹਾਨਾਬਾਦ ਬਿਹਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਸੀ।
ਤਫਤੀਸ਼ ਤੋਂ ਪੰਜ ਹੋਰ ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਦੀ ਪਹਿਚਾਨ ਰਾਹੁਲ ਕੁਮਾਰ ਪੁੱਤਰ ਅਨਿਲ ਪ੍ਰਸ਼ਾਦ, ਉੱਤਮ ਵਿਸ਼ਾਲ ਕੁਮਾਰ ਪੁੱਤਰ ਅਭਿਨੇਸ਼ ਸਿੰਘ, ਅਭਿਸ਼ੇਕ ਕੁਮਾਰ ਪੁੱਤਰ ਅਸ਼ੋਕ ਗੁਪਤਾ ਅਤੇ ਰੌਸ਼ਨ ਕੁਮਾਰ ਪੁੱਤਰ ਚੰਦਰ ਭੂਸ਼ਣ ਵਾਸੀਆਨ ਬਿਹਾਰ ਅਤੇ ਦਿਆਨੰਦ ਪੁੱਤਰ ਸਿੱਧੂ ਗਵਾਡਾ ਵਾਸੀ ਕਰਨਾਟਕਾ ਦੇ ਰੂਪ ਵਿੱਚ ਹੋਈ ਹੈ।
ਉਹਨਾਂ ਦੱਸਿਆ ਕੀ ਇਹ ਗੈਂਗ ਪੰਜਾਬ ਤੋਂ ਇਲਾਵਾ ਤਮਿਲਨਾਡੂ, ਵੈਸਟ ਬੰਗਾਲ, ਬਿਹਾਰ, ਮਹਾਰਾਸ਼ਟਰਾ, ਉੜੀਸਾ, ਤੇਲਗਾਨਾ, ਹਰਿਆਣਾ, ਕਰਨਾਟਕਾ, ਆਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲਾ ਤੇ ਹੋਰ ਕੇ ਰਾਜਾ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਜਿੰਨਾ ਉੱਪਰ ਉਪਰੋਕਤ ਸਟੇਟਾਂ ਵਿੱਚ ਹੁਣ ਤੱਕ 6 ਮੁਕੱਦਮੇ ਤੇ 29 ਦਰਖਾਸਤ ਦਰਜ ਹਨ। ਇਹ ਗੈਂਗ ਵੱਖ-ਵੱਖ ਸਟੇਟਾਂ ਵਿੱਚ ਫਰੈਂਚਜੀ ਦੇਣਾ, ਸਸਤਾ ਸਟੀਲ ਵੇਚਣ , ਕੈਟਲ ਫੀਡ ਪ੍ਰੋਡਕਟ ਵੇਚਣ, ਆਨਲਾਈਨ ਲੋਨ , ਕੱਪੜਾ ਵੇਚਣ, ਸੀਮਟ ਵੇਚਣ ਅਤੇ ਹੋਟਲ ਬੁਕਿੰਗ ਕਰਨ ਦੇ ਨਾਮ ਤੇ ਠੱਗੀਆ ਮਾਰਦੇ ਸਨ।
ਉਹਨੇ ਦੱਸਿਆ ਕਿ ਇਸ ਕੇਸ ਵਿੱਚ 23 ਲੱਖ ਰੁਪਏ ਫਰੀਜ ਕਰਵਾਏ ਜਾ ਚੁੱਕੇ ਹਨ, ਜਿਸ ਵਿੱਚੋਂ 20 ਲੱਖ ਰੁਪਏ ਵਾਪਸ ਮੁਕਦਮੇ ਦੇ ਮੁਦਈ ਸੰਜੀਵ ਬਾਂਸਲ ਪੁੱਤਰ ਸਤਪਾਲ ਬੰਸਲ ਵਾਸੀ ਬਰਨਾਲਾ ਦੇ ਖਾਤੇ ਵਿੱਚ ਟ੍ਰਾਂਸਫਰ ਕਰਵਾਏ ਜਾ ਚੁੱਕੇ ਹਨ। ਦੋਸ਼ੀਆਂ ਦੇ ਪੁੱਛਕਿਛ ਦੌਰਾਨ ਹੋਰ ਵੀ ਕਈ ਨਾਮ ਸਾਹਮਣੇ ਆਏ ਹਨ। ਜਿਸ ਸਬੰਧੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

