ਬਰਨਾਲਾ ਪ੍ਰਸ਼ਾਸਨ ਦਾ ਚਾਈਨਾ ਡੋਰ ਖ਼ਿਲਾਫ਼ ਸਖ਼ਤ ਐਕਸ਼ਨ: ਡੀਸੀ ਟੀ. ਬੈਨਿਥ ਦੀ ਚਿਤਾਵਨੀ: ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਜਾਣਗੇ ਜੇਲ੍ਹ

DC T Banith

ਸਖ਼ਤ ਕਾਨੂੰਨੀ ਕਾਰਵਾਈ: 5 ਸਾਲ ਦੀ ਸਜ਼ਾ ਤੇ ਭਾਰੀ ਜੁਰਮਾਨਾ

ਬਰਨਾਲਾ -06ਜਨਵਰੀ(ਰਾਕੇਸ਼ ਜੇਠੀ)-ਜ਼ਿਲ੍ਹਾ ਬਰਨਾਲਾ ’ਚ ਚਾਈਨਾ ਡੋਰ (ਸਿੰਥੈਟਿਕ\ਪਲਾਸਟਿਕ ਡੋਰ) ਦੀ ਵਿਕਰੀ ਤੇ ਵਰਤੋਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ’ਚ ਆ ਗਿਆ ਹੈ। ਡੀਸੀ ਟੀ. ਬੈਨਿਥ ਨੇ ਅੱਜ ਗ਼ੈਰਕਾਨੂੰਨੀ ਡੋਰ ਵੇਚਣ ਵਾਲਿਆਂ ਨੂੰ ਦੋ-ਟੁੱਕ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਮਨੁੱਖੀ ਜਾਨਾਂ ਤੇ ਬੇਗੁਨਾਹ ਪੰਛੀਆਂ ਦੀ ਮੌਤ ਦਾ ਕਾਰਨ ਬਣਨ ਵਾਲੀ ਇਸ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਡੀਸੀ ਟੀ. ਬੈਨਿਥ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਹੁਣ ਸਿਰਫ਼ ਜ਼ਬਤੀ ਤਕ ਸੀਮਤ ਨਹੀਂ ਰਹੇਗਾ। ਸਗੋਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਵੇਚਣ ਜਾਂ ਵਰਤਣ ਵਾਲਿਆਂ ਖ਼ਿਲਾਫ਼ ਧਾਰਾ 188 (ਸਰਕਾਰੀ ਹੁਕਮਾਂ ਦੀ ਉਲੰਘਣਾ) ਦੇ ਨਾਲ-ਨਾਲ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਕਾਨੂੰਨ ਤਹਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 5 ਸਾਲ ਤਕ ਦੀ ਕੈਦ ਤੇ 1 ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ। ਡੀਸੀ ਨੇ ਬਰਨਾਲਾ ਵਾਸੀਆਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾੜੇ ਰੁਝਾਨ ਨੂੰ ਸਿਰਫ਼ ਕਾਨੂੰਨ ਦੇ ਡਰ ਨਾਲ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਨਾਲ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੇ ਜਾਨਲੇਵਾ ਨਤੀਜਿਆਂ ਬਾਰੇ ਸਮਝਾਉਣ ਤੇ ਉਨ੍ਹਾਂ ਨੂੰ ਸੂਤੀ ਡੋਰ ਨਾਲ ਪਤੰਗ ਉਡਾਉਣ ਲਈ ਪ੍ਰੇਰਿਤ ਕਰਨ। ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਪਾਇਆ ਜਾਂਦਾ ਹੈ ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।

ਪ੍ਰਸ਼ਾਸਨਿਕ ਟੀਮਾਂ ਦੀ ਤਿੱਖੀ ਨਜ਼ਰ: ਡੀਸੀ ਟੀ. ਬੈਨਿਥ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਹ ਟੀਮਾਂ ਸ਼ਹਿਰ ਦੇ ਬਾਜ਼ਾਰਾਂ, ਗੋਦਾਮਾਂ ਤੇ ਸ਼ੱਕੀ ਟਿਕਾਣਿਆਂਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਹਰ ਉਸ ਗਤੀਵਿਧੀ `ਤੇ ਹੈ। ਜੋ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ।
ਮਨੁੱਖੀ ਜਾਨਾਂ ਨਾਲ ਖੇਡਣਾ ਬੰਦ ਕਰੋ:
ਅਖੀਰ ’ਚ ਡੀਸੀ ਨੇ ਸਖ਼ਤ ਲਹਿਜ਼ੇ ’ਚ ਤਾੜਨਾ ਕਰਦਿਆਂ ਕਿਹਾ ਕਿ ਜੋ ਲੋਕ ਮਹਿਜ਼ ਚੰਦ ਪੈਸਿਆਂ ਦੇ ਮੁਨਾਫ਼ੇ ਲਈ ਮਨੁੱਖੀ ਜਾਨਾਂ ਨਾਲ ਖੇਡ ਰਹੇ ਹਨ। ਉਹ ਇਸ ਘਿਨਾਉਣੇ ਧੰਦੇ ਨੂੰ ਤੁਰੰਤ ਬੰਦ ਕਰ ਦੇਣ। ਬਰਨਾਲਾ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ।

About The Author

You may have missed