ਜ਼ਿਲ੍ਹਾ ਬਰਨਾਲਾ ਅੰਦਰ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ

ਹੰਡਿਆਇਆ- 28ਦਸੰਬਰ(ਰਾਕੇਸ਼ ਜੇਠੀ)- ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਤੇ ਇਸਦੇ ਨਾਲ ਹੀ ਪਤੰਗਬਾਜ਼ੀ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਤੇ ਪੰਜਾਬ ਪੁਲਿਸ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਜ਼ਿਆਦਾਤਰ ਪਤੰਗ ਉਡਾਉਣ ਵਾਲੇ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਸ਼ਹਿਰ ਦੀ ਹਰ ਗਲੀ ਤੇ ਮੁਹੱਲੇ ’ਚ ਚਾਈਨਾ ਡੋਰ ਆਸਾਨੀ ਨਾਲ ਉਪਲਬਧ ਹੈ। ਭਾਵੇਂ ਪੁਲਿਸ ਇਸ ਤੋਂ ਅਣਜਾਣ ਹੈ ਪਰ ਛੋਟਾ ਬੱਚਾ ਵੀ ਜਾਣਦਾ ਹੈ ਕਿ ਚਾਈਨਾ ਡੋਰ ਕਿੱਥੇ ਤੇ ਕਿਸ ਕੀਮਤ ’ਤੇ ਮਿਲਦੀ ਹੈ। ਦੱਸਣਯੋਗ ਹੈ ਕਿ ਹਰ ਸਾਲ ਪਤੰਗ ਉਡਾਉਣ ਦਾ ਸੀਜ਼ਨ ਲੋਹੜੀ ਤੇ ਬਸੰਤ ਤੋਂ ਕੁਝ ਸਮਾਂ ਪਹਿਲਾਂ ਸ਼ੁਰੂ ਹੁੰਦਾ ਹੈ। ਪੰਜਾਬ ’ਚ ਲੋਕ ਬਹੁਤ ਉਤਸ਼ਾਹ ਨਾਲ ਪਤੰਗ ਉਡਾਉਂਦੇ ਹਨ। ਚਾਈਨਾ ਡੋਰ ਪਿਛਲੇ ਕਈ ਸਾਲਾਂ ਤੋਂ ਪੰਜਾਬ ’ਚ ਆਪਣੀ ਪਹੁੰਚ ਫੈਲਾ ਰਹੀ ਹੈ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਪਤੰਗ ਉਡਾਉਣ ਵਾਲੇ ਸੂਤੀ ਡੋਰੇ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ ਤੇ ਹਰ ਪਤੰਗ ਉਡਾਉਣ ਵਾਲਾ ਚਾਈਨਾ ਡੋਰ ਨੂੰ ਪਸੰਦ ਕਰਦਾ ਹੈ।
— ਕਾਰਵਾਈ ਸਿਰਫ਼ ਇਕ ਮਹੀਨੇ ਤੱਕ ਸੀਮਤ
ਪੁਲਿਸ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਹਰ ਸਾਲ ਸਖ਼ਤ ਕਾਰਵਾਈ ਕਰਦੀ ਹੈ। ਪਿਛਲੇ ਸਾਲ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਖਤੀ ਕੀਤੀ ਸੀ। ਇਸ ਦੇ ਬਾਵਜੂਦ ਲੱਗਭੱਗ ਹਰ ਬੱਚਾ ਤੇ ਨੌਜਵਾਨ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਰਦਾ ਦਿਖਾਈ ਦਿੱਤਾ। ਇਸਦਾ ਮੁੱਖ ਕਾਰਨ ਇਹ ਹੈ ਕਿ ਪੁਲਿਸ ਸਿਰਫ ਇਕ ਮਹੀਨਾ ਸਰਗਰਮ ਰਹਿੰਦੀ ਹੈ। ਜਦੋਂ ਕਿ ਸਾਲ ਦੇ ਬਾਕੀ 11 ਮਹੀਨੇ ਅਣਦੇਖੇ ਰਹਿੰਦੇ ਹਨ। ਇਨ੍ਹਾਂ 11 ਮਹੀਨਿਆਂ ਦੌਰਾਨ ਚਾਈਨਾ ਡੋਰ ਵੇਚਣ ਵਾਲੇ ਵੱਡੀ ਮਾਤਰਾ ’ਚ ਇਸਦਾ ਭੰਡਾਰ ਕਰਦੇ ਹਨ ਤੇ ਬਾਅਦ ’ਚ ਉਨ੍ਹਾਂ ਨੂੰ ਮਹਿੰਗੇ ਭਾਅ ’ਤੇ ਵੇਚਦੇ ਹਨ।
—ਕਾਨੂੰਨ ’ਚ ਢਿੱਲ ਵਿਕਰੇਤਾਵਾਂ ਦਾ ਵਧਾ ਰਹੀ ਹੌਸਲਾ
ਚਾਈਨਾ ਡੋਰ ਦੇ ਵਪਾਰ ਨੂੰ ਰੋਕਣ ਦੀ ਬਜਾਏ ਇਹ ਵਧਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਭਾਰੀ ਮੁਨਾਫ਼ਾ ਹੈ। ਪੁਲਿਸ ਦੀ ਸਖ਼ਤੀ ਦਾ ਹਵਾਲਾ ਦਿੰਦੇ ਹੋਏ ਡੋਰ ਵੇਚਣ ਵਾਲੇ ਚਾਈਨਾ ਡੋਰ ਦਾ ਗੱਟੂ ਜੋ ਆਮ ਤੌਰ ’ਤੇ 200-300 ਰੁਪਏ ’ਚ ਵਿਕਦਾ ਹੈ, ਨੂੰ 1,000 ਰੁਪਏ ਤੱਕ ਵੇਚਦੇ ਹਨ।
ਇਸ ਲਈ ਪ੍ਰਸ਼ਾਸਨ ਅੱਗੇ ਆਮ ਜਨਤਾ ਦੀ ਮੰਗ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਨਾਲ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਜਦੋਂ ਤੱਕ ਚਾਈਨਾ ਡੋਰ ਖਰੀਦਣ ਵਾਲੇ ਇਸਦੀ ਖਰੀਦ ਬੰਦ ਨਹੀਂ ਕਰਨਗੇ। ਵੇਚਨ ਵਾਲੇ ਆਪਣਾ ਵਪਾਰ ਬੰਦ ਨਹੀਂ ਕਰਨਗੇ।
