ਤਪਾ ਮੰਡੀ ਚ ਲੁਟੇਰਿਆਂ ਦੇ ਹੌਸਲੇ ਬੁਲੰਦ: ਦੁਕਾਨਦਾਰ ਤੇ ਕਿਰਚਾਂ ਨਾਲ ਹਮਲਾ, ਰੋਸ ਵਜੋਂ ਵਪਾਰੀਆਂ ਨੇ ਬਾਜ਼ਾਰ ਬੰਦ ਕਰਕੇ ਲਾਇਆ ਧਰਨਾ, 24 ਘੰਟਿਆਂ ਦਾ ਅਲਟੀਮੇਟਮ

ਖ਼ੌਫ਼ ਦੇ ਸਾਏ ਹੇਠ ਤਪਾ ਨਿਵਾਸੀ: ਵਧਦੀਆਂ ਲੁੱਟਾਂ-ਖੋਹਾਂ ਵਿਰੁੱਧ ਵਪਾਰ ਮੰਡਲ ਨੇ ਖੋਲ੍ਹਿਆ ਮੋਰਚਾ, ਵਿਧਾਇਕ ਉਗੋਕੇ ਦੀ ਮੌਜੂਦਗੀ `ਚ ਪੁਲਿਸ ਨੇ ਦਿੱਤਾ ਭਰੋਸਾ।
ਤਪਾ-24ਦਸੰਬਰ(ਰਾਕੇਸ਼ ਜੇਠੀ)- ਤਪਾ ਮੰਡੀ ’ਚ ਕਾਨੂੰਨ ਵਿਵਸਥਾ ਦੇ ਜਨਾਜ਼ੇ ਨਿਕਲਦੇ ਨਜ਼ਰ ਆ ਰਹੇ ਹਨ। ਪੁਲਿਸ ਚੌਕੀ ਤੋਂ ਮਹਿਜ਼ 100 ਗਜ਼ ਦੀ ਦੂਰੀ ਤੇ ਸਥਿਤ ਰੂਪ ਚੰਦ ਰੋਡ ਤੇ ਬੀਤੀ ਸ਼ਾਮ ਲੁਟੇਰਿਆਂ ਨੇ ਦੁਕਾਨਦਾਰ ਅਸ਼ੋਕ ਕੁਮਾਰ ਸਿੰਗਲਾ ਤੇ ਜਾਨਲੇਵਾ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ ਤੇ ਅਸ਼ੋਕ ਕੁਮਾਰ ਵਲੋਂ ਵਿਰੋਧ ਕੀਤੇ ਜਾਣ ਤੇ, ਉਨ੍ਹਾਂ ਨੇ ਕਿਰਚਾਂ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਅਸ਼ੋਕ ਕੁਮਾਰ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਨਕਦੀ ਵਾਲਾ ਬੈਗ ਲੁੱਟੇ ਜਾਣ ਤੋਂ ਬਚਾ ਲਿਆ। ਜਿਸ ਮਗਰੋਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਦੁਕਾਨਦਾਰ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਸ ਦੇ ਸਰੀਰ ਤੇ 15-16 ਟਾਂਕੇ ਲੱਗੇ ਹਨ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਤੇ ਮੁਹੱਲਾ ਨਿਵਾਸੀਆਂ ਦਾ ਗੁੱਸਾ ਸੱਤਵੇਂ ਆਸਮਾਨਤੇ ਪਹੁੰਚ ਗਿਆ। ਲਗਾਤਾਰ ਹੋ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਤੇ ਝਪਟਮਾਰੀ ਦੀਆਂ ਘਟਨਾਵਾਂ ਤੋਂ ਅੱਕੇ ਸਮੂਹ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਕਰ ਦਿੱਤੀਆਂ। ਅੱਗਰਵਾਲ ਧਰਮਸ਼ਾਲਾ ’ਚ ਇਕੱਠੇ ਹੋਏ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਵਾਰਦਾਤਾਂ ਨਾ ਰੁਕੀਆਂ ਤਾਂ ਮੰਡੀ ਅਨਿਸ਼ਚਿਤ ਸਮੇਂ ਲਈ ਬੰਦ ਰੱਖੀ ਜਾਵੇਗੀ।
—ਵਪਾਰੀਆਂ ਕੋਲ ਵਿਧਾਇਕ ਸਣੇ ਅਧਿਕਾਰੀ ਪੁੱਜੇ
ਹਾਲਾਤ ਵਿਗੜਦੇ ਦੇਖ ਐੱਸਪੀ (ਡੀ) ਬਰਨਾਲਾ, ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਤੇ ਥਾਣਾ ਮੁਖੀਆਂ ਦੀ ਟੀਮ ਧਰਮਸ਼ਾਲਾ ਪਹੁੰਚੀ। ਇਸ ਦੌਰਾਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਮੌਕੇ ਤੇ ਪਹੁੰਚ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਵਿਧਾਇਕ ਨੇ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਕਿ ਇਲਾਕੇ ’ਚ ਅਮਨ-ਸ਼ਾਂਤੀ ਬਹਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।

ਪੁਲਿਸ ਨੇ ਦਿੱਤਾ ਭਰੋਸਾ ਤਾਂ ਖਤਮ ਹੋਇਆ ਧਰਨਾ: ਪੁਲਿਸ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ਼ਹਿਰ ਦੇ ਚਾਰ ਸੰਵੇਦਨਸ਼ੀਲ ਪੁਆਇੰਟਾਂਤੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਤਕ ਪੱਕੇ ਨਾਕੇ ਲਗਾਏ ਜਾਣਗੇ। ਪੁਲਿਸ ਦੀਆਂ 4 ਟੀਮਾਂ ਵਾਰਦਾਤ ਨੂੰ ਟਰੇਸ ਕਰਨ ਲਈ ਲਗਾਈਆਂ ਗਈਆਂ ਹਨ ਤੇ 24 ਘੰਟੇ ਗਸ਼ਤ ਵਧਾ ਦਿੱਤੀ ਗਈ ਹੈ।
ਚੋਰੀਆਂ ਦਾ ਗੜ੍ਹ ਬਣਿਆ ਤਪਾ ਮੰਡੀ : ਆਗੂ
ਸਾਬਕਾ ਕੌਂਸਲਰ ਗੁਰਮੀਤ ਸਿੰਘ ਨੇ ਪੁਲਿਸ ਦੀ ਨਾਕਾਮੀ ਦੱਸਦਿਆਂ ਕਿਹਾ ਕਿ ਖੇਤਾਂ ’ਚੋਂ ਟ੍ਰਾਂਸਫਾਰਮਰ ਤੇ ਕੇਬਲਾਂ ਚੋਰੀ ਹੋਣਾ ਆਮ ਗੱਲ ਹੋ ਗਈ ਹੈ। ਹੋਰਨਾਂ ਆਗੂਆਂ ਨੇ ਦੱਸਿਆ ਕਿ ਗਲੀਆਂ ’ਚ ਬੈਠੀਆਂ ਔਰਤਾਂ ਦੀਆਂ ਚੈਨੀਆਂ ਝਪਟ ਲਈਆਂ ਜਾਂਦੀਆਂ ਹਨ। ਜਿਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਦੁੱਭਰ ਹੋ ਚੁੱਕਾ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਅਤੇ ਸੁਰਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਵਿਸ਼ਵਾਸ ਮਗਰੋਂ ਵਪਾਰੀਆਂ ਨੇ ਆਪਣਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ, ਕੌਂਸਲਰ ਤਰਲੋਚਨ ਬਾਂਸਲ ਤੇ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਹਾਜ਼ਰ ਸਨ।

