ਮੀਟਿੰਗ ਹੋਈ ਰੱਦ, ਖ਼ਫ਼ਾ ਹੋਏ ਬੇਰੁਜ਼ਗਾਰਾਂ ਨੇ ਪੱਤਰ ਫੂਕੇ

PrimekhabarPunjab Unemployed

ਆਪ ਸਰਕਾਰ ਲਾਰੇਬਾਜ਼ – ਢਿੱਲਵਾਂ

ਬਰਨਾਲਾ-11ਦਸੰਬਰ(ਰਾਕੇਸ਼ ਜੇਠੀ)- ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਵੀ ਮਿਲੀਆਂ ਮੀਟਿੰਗਾਂ ਰੱਦ ਹੋਣ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਅੱਜ ਸਥਾਨਕ ਚਿੰਟੂ ਪਾਰਕ ਨੇੜੇ ਮੀਟਿੰਗ ਦੇ ਪੱਤਰ ਫੂਕੇ ਰੋਸ ਪ੍ਰਦਰਸ਼ਨ ਕੀਤਾ।
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਉਡੀਕਦੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 7 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਬੇਰੁਜ਼ਗਾਰਾਂ ਦੀ ਮੰਗ ਸੀ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਦੀ ਭਰਤੀ ਸ਼ੁਰੂ ਕੀਤੀ ਜਾਵੇ। ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਉਮਰ ਹੱਦ ਛੋਟ ਦਿੱਤੀ ਜਾਵੇ।
ਪਰੰਤੂ ਕਰੀਬ ਪੌਣੇ ਚਾਰ ਸਾਲ ਦੀ ਬੀਤਣ ਉਪਰੰਤ ਵੀ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਹੋਈ ।ਇਸ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਮੰਗ ਕੀਤੀ ਸੀ ਕਿ ਉਨਾਂ ਦੀ ਮੀਟਿੰਗ ਸਿੱਖਿਆ ਅਤੇ ਸਿਹਤ ਮੰਤਰੀ ਨਾਲ ਕਰਵਾਈ ਜਾਵੇ। ਸੰਗਰੂਰ ਪ੍ਰਸ਼ਾਸਨ ਵੱਲੋਂ 7 ਦਸੰਬਰ ਨੂੰ ਦਿੱਤੀ ਹੋਈ ਮੀਟਿੰਗ ਅਨੁਸਾਰ 10 ਦਸੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਹੋਣੀ ਨਿਸ਼ਚਿਤ ਹੋਈ ਸੀ। ਪ੍ਰੰਤੂ 9 ਦਸੰਬਰ ਦੀ ਸ਼ਾਮ ਨੂੰ ਸੂਚਨਾ ਮਿਲੀ ਕਿ ਪੈਨਲ ਮੀਟਿੰਗ ਰੱਦ ਹੈ।ਇਸਦੀ ਸੂਚਨਾ ਮਿਲਦੇ ਸਾਰ ਹੀ ਬੇਰੁਜ਼ਗਾਰਾਂ ਵਿੱਚ ਰੋਸ ਪਾਇਆ ਗਿਆ।
ਅੱਜ ਸਥਾਨਕ ਚਿੰਟੂ ਪਾਰਕ ਪਾਰਕ ਵਿੱਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੀਟਿੰਗ ਸਬੰਧੀ ਜਾਰੀ ਪੱਤ੍ਰਕਾ ਨੂੰ ਰੱਦੀ ਦਾ ਟੁਕੜਾ ਦੱਸਦੇ ਹੋਏ ਫੂਕਿਆ ਗਿਆ। ਉਹਨਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ। ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਨੂੰ ਰੱਦ ਕੀਤਾ ਜਾਵੇ। ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ ਅਤੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀ ਭਰਤੀ ਉਮਰ ਹੱਦ ਛੋਟ ਦੇ ਕੇ ਕੀਤੀ ਜਾਵੇ।
ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਿਹਤ ਮੰਤਰੀ ਨਾਲ 15 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕੀਤੀ ਗਈ ਤਾਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਉਹਨਾਂ ਐਲਾਨ ਕੀਤਾ ਕਿ 25 ਦਸੰਬਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਸੂਬਾ ਆਗੂ ਅਮਨ ਸੇਖਾ, ਗੁਰਦੀਪ ਸਿੰਘ ਰਾਮਗੜ੍ਹ ,ਅਵਤਾਰ ਸਿੰਘ, ਮਾਇਆ ਕੌਰ, ਮਨਪ੍ਰੀਤ ਕੌਰ ਆਦਿ ਹਾਜਰ ਸਨ।

About The Author

You may have missed