ਸਹਿਣੇ ਦੇ ਇੱਕ ਘਰ ਵਿੱਚ ਠੱਗੀ ਕਰਕੇ ਸੋਨਾ ਤੇ ਨਗਦੀ ਲੁੱਟਣ ਵਾਲਾ ਗਿਰੋਹ ਕਾਬੂ

ਹੰਡਿਆਇਆ-25ਨਵੰਬਰ (ਰਾਕੇਸ਼ ਜੇਠੀ)-ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਯੋਗ ਨਿਗਰਾਨੀ ਹੇਠ ਚੋਰੀਆਂ ਕਰਨ ਵਾਲੇ ਇਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਘੀ 18 ਸਤੰਬਰ ਨੂੰ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਬਸਤੀ ਸ਼ਹਿਣਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਸਨ ਕਿ ਸ਼ਾਸ਼ਤਰੀ ਪੰਡਿਤ ਨਾਮ ਦੇ ਇਕ ਸਖ਼ਸ਼ ਵਲੋਂ ਉਨ੍ਹਾਂ ਦੇ ਘਰ ਦੇ ਵਿਹੜੇ ’ਚ ਸੋਨੇ ਦੀ ਗਾਗਰ ਦੱਬੀ ਹੋਣ ਸਬੰਧੀ ਦੱਸਿਆ ਸੀ। ਜਿਸ ਕਰਕੇ ਲੰਘੀ 10 ਅਗਸਤ ਨੂੰ ਸ਼ਾਸਤਰੀ ਪੰਡਿਤ ਆਪਣੇ ਇਕ ਹੋਰ ਸਾਥੀ ਨਾਲ ਮਿਲਕੇ ਉਨ੍ਹਾਂ ਦੇ ਘਰ ਆਇਆ। ਜਿਸਨੇ ਆਪਣੀ ਪਾਠ ਪੂਜਾ ਸ਼ੁਰੂ ਕੀਤੀ। ਜਿਸ ਨੇ ਬਿਆਨਕਰਤਾ ਦੇ ਘਰ ’ਚ ਪਏ ਸੋਨੇ ਦੇ ਗਹਿਣੇ ਵਜ਼ਨ ਕਰੀਬ 3-4 ਤੋਲੇ ਪੂਜਾ ਕਰਨ ਲਈ ਮੰਗੇ ਤੇ ਫਿਰ ਪਾਠ ਪੂਜਾ ਕਰਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ’ਚ ਰਖਵਾ ਦਿੱਤੇ ਸਨ। ਬਿਆਨਕਰਤਾ ਤੇ ਉਸਦੇ ਪਰਿਵਾਰਿਕ ਮੈਂਬਰ ਪਾਠ ਪੂਜਾ ਕਰਦੇ ਉੱਥੇ ਹੀ ਸੌਂ ਗਏ ਤੇ ਸ਼ਾਸ਼ਤਰੀ ਆਪਣੇ ਸਾਥੀ ਉਨ੍ਹਾਂ ਦੇ ਘਰੋਂ ਚਲਾ ਗਿਆ। ਬਿਆਨਕਰਤਾ ਨੇ ਜਦੋਂ ਕੁੱਝ ਦਿਨਾਂ ਬਾਅਦ ਅਲਮਾਰੀ ਖੋਲ੍ਹ ਕੇ ਆਪਣਾ ਸੋਨਾ ਦੇਖਿਆ ਤਾਂ ਅਲਮਾਰੀ ’ਚੋਂ ਸੋਨੇ ਦੇ ਗਹਿਣੇ ਵਜ਼ਨ ਕਰੀਬ 3-4 ਤੋਲੇ ਤੇ ਡੇਢ ਲੱਖ ਰੁਪਏ ਗਾਇਬ ਸਨ। ਜਿੰਨ੍ਹਾਂ ਨੂੰ ਸ਼ਾਸਤਰੀ ਪੰਡਿਤ ਆਪਣੇ ਸਾਥੀ ਸਮੇਤ ਚੋਰੀ ਕਰਕੇ ਲੈ ਗਿਆ ਸੀ। ਇਸ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀਆਂ ਦੇ ਖਿਲਾਫ 18 ਸਤੰਬਰ ਨੂੰ ਮੁਕੱਦਮਾ ਨੰਬਰ 92 ਅ/ਧ 305, 3(5), 317(2) ਬੀਐਨਐਸ ਥਾਣਾ ਸ਼ਹਿਣਾ ਦਰਜ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਸੀਆਈਏ ਸਟਾਫ਼ ਬਰਨਾਲਾ ਵਲੋਂ ਕਰਦਿਆਂ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸੀਆਈਏ ਬਰਨਾਲਾ ਤੇ ਪੁਲਿਸ ਪਾਰਟੀ ਵਲੋਂ ਤਕਨੀਕੀ ਤੇ ਵਿਗਿਆਨਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਮੁਕੱਦਮੇ ’ਚ ਸ਼ਿਵਮ ਕੁਮਾਰ ਉਰਫ ਸ਼ੁਭਮ ਕੁਮਾਰ ਉਰਫ ਕਾਂਸੀ ਰਾਮ ਸ਼ਾਸਤਰੀ ਪੁੱਤਰ ਸ਼ੰਕਰ ਲਾਲ ਵਾਸੀ ਗੁਹਾਲਾ ਥਾਣਾ ਨੀਮਕਾ ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਬੈਕ ਸਾਈਡ ਵਾਈਟ ਡਾਇਮੰਡ ਪੈਲੇਸ ਨੇੜੇ ਕੀਰੋ ਮਾਲ, 66 ਫੁੱਟੀ ਰੋਡ ਜਲੰਧਰ, ਰਵੀ ਸ਼ਰਮਾ ਪੁੱਤਰ ੳਮ ਪ੍ਰਕਾਸ਼ ਸ਼ਰਮਾ ਵਾਸੀ ਗੁਹਾਲਾ ਥਾਣਾ ਨੀਮਕਾ ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਸਿੰੰਘ ਸਭਾ ਗੁਰਦੁਆਰਾ ਵਾਲੀ ਗਲੀ, ਨੇੜੇ ਮਾਝਾ ਹੈਲਥ ਕਲੱਬ ਜੀਰਾ ਤੇ ਹਾਲ ਆਬਾਦ ਗਲੀ ਨੰਬਰ 04 ਦਤ ਰੋਡ, ਨੇੜੇ ਨਹਿਰੂ ਪਾਰਕ, ਚੱਕੀ ਵਾਲੀ ਗਲੀ ਮੋਗਾ, ਪਰਵੀਨ ਕੁਮਾਰ ਭਾਰਗਵ ਉਰਫ ਸੋਨੂੰ ਪੁੱਤਰ ਅਮਰ ਚੰਦ ਭਾਰਗਵ ਵਾਸੀ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ ਰਾਜਸਥਾਨ ਹਾਲ ਆਬਾਦ ਅਰਬਨ ਸਟੇਟ ਫੇਸ-2, ਜਲੰਧਰ ਨੂੰ ਨਾਮਜ਼ਦ ਕਰਦਿਆਂ ਗਿ੍ਰਫਤਾਰ ਕਰਕੇ 60 ਹਜ਼ਾਰ ਰੁਪਏ ਦੀ ਨਕਦੀ ਬਰਮਾਦ ਕੀਤੀ ਗਈ ਹੈ। ਐਸਐਸਪੀ ਆਲਮ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੋਸ਼ੀ ਸ਼ਿਵਮ ਕੁਮਾਰ ਉਰਫ ਸ਼ੁਭਮ ਕੁਮਾਰ ਉਰਫ ਕਾਂਸੀ ਰਾਮ ਨੇ ਮੰਨਿਆ ਕਿ ਉਸਦੇ ਖਿਲਾਫ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਸਬੰਧੀ ਥਾਣਾ ਅੰਬਾਲਾ ਹਰਿਆਣਾ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ।
—ਗ੍ਰਹਿਾਂ ਦੇ ਦੋਸ਼ ਸ਼ੁੱਧ ਕਰਨ ਦੇ ਬਹਾਨੇ ਫਸਾਉਂਦੇ ਸੀ ਆਪਣੇ ਜਾਲ ’ਚ
ਐਸਐਸਪੀ ਆਲਮ ਨੇ ਦੱਸਿਆ ਕਿ ਉਕਤਾਨ ਸਾਰੇ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜਦੋਂ ਵੀ ਕੋਈ ਇੰਨ੍ਹਾਂ ਪਾਸ ਪੁੱਛ ਜਾਂ ਕੁੰਡਲੀ ਦਿਖਾਉਣ ਆਉਂਦੇ ਤਾਂ ਉਨ੍ਹਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਉਨ੍ਹਾਂ ਦੇ ਗ੍ਰਹਿਾਂ ਦੇ ਦੋਸ਼ ਸ਼ੁੱਧ ਕਰਨ ਲਈ ਪੂਜਾ ਕਰਨ ਦੇ ਬਹਾਨੇ ਉਨ੍ਹਾਂ ਦਾ ਸੋਨਾ ਆਦਿ ਪੂਜਾ ’ਚ ਰੱਖ ਲੈਂਦੇ ਸਨ ਤੇ ਬੜੀ ਚਲਾਕੀ ਨਾਲ ਪੂਜਾ ’ਚ ਹੀ ਉਨ੍ਹਾਂ ਦੇ ਗਹਿਣੇ ਚੋਰੀ ਕਰਕੇ ਲੈ ਜਾਂਦੇ ਸਨ। ਉਕਤ ਦੋਸ਼ੀ ਬਾਹਰਲੀ ਸਟੇਟ ਰਾਜਸਥਾਨ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਕਿਰਾਏ ’ਤੇ ਕਮਰੇ ਲੈ ਕੇ ਰਹਿੰਦੇ ਹਨ ਤੇ ਉੱਥੇ ਘੁੰਮਕੇ ਆਮ ਲੋਕਾਂ ਨੂੰ ਆਪਣੇ ਜਾਲ ’ਚ ਫਸਾੳਂੁਦੇ ਹਨ।
—ਜੋਤਿਸ਼ ਦੀ ਆੜ੍ਹ ’ਚ ਪਾਖੰਡੀ ਲੋਕਾਂ ਤੋਂ ਰਹੋ ਸਾਵਧਾਨ
ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਤਰ੍ਹਾਂ ਦੇ ਪਾਖੰਡੀ ਲੋਕ ਜੋ ਜੋਤਿਸ਼ ਦੀ ਆੜ੍ਹ ’ਚ ਉਨ੍ਹਾਂ ਦੇ ਘਰਾਂ ’ਚ ਜਾ ਕੇ ਸੋਨੇ ਦੀ ਸ਼ੁੱਧੀ ਬਹਾਨੇ ਕੋਈ ਹਵਨ ਵਗੈਰਾ ਕਰਨ ਲਈ ਆਉਦੇ ਹਨ। ਉਨ੍ਹਾਂ ਤੋਂ ਸਾਵਧਾਨ ਰਿਹਾ ਜਾਵੇ ਤਾਂ ਕਿ ਲੋਕ ਠੱਗੀ ਜਾਂ ਚੋਰੀ ਦਾ ਸ਼ਿਕਾਰ ਨਾ ਬਣ ਸਕਣ। ਅਜਿਹੇ ਸ਼ੱਕੀ ਵਿਅਕਤੀਆਂ ਬਾਰੇ ਪਤਾ ਲੱਗਣ ’ਤੇ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕੀਤਾ ਜਾਵੇ।


