ਟਰਾਈਡੈਂਟ ਗਰੁੱਪ ਦੇ ਮੈਗਾ ਮੈਡੀਕਲ ਕੈਂਪ ਦਾ ਚੌਥਾ ਪੜ੍ਹਾਅ ਸ਼ੁਰੂ, ਸਕੂਲਾਂ ਦੇ ਵਿਦਿਆਰਥੀ ਵੀ ਚੈਕਅੱਪ ਲਈ ਪੁੱਜੇ

ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰ ਨੇ ਸਾਂਝੀਆਂ ਕੀਤੀਆਂ ਸਾਵਧਾਨੀਆਂ
ਬਰਨਾਲਾ, 19 ਨਵੰਬਰ (ਰਾਕੇਸ਼ ਜੇਠੀ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ‘ਫਰੀ ਮੈਗਾ ਮੈਡੀਕਲ ਕੈਂਪ 2025’ ਅੱਜ 19 ਨਵੰਬਰ ਨੂੰ ਚੌਥੇ ਪੜ੍ਹਾਅ ’ਚ ਦਾਖ਼ਲ ਹੋ ਗਿਆ ਹੈ। ਚੌਥੇ ਪੜ੍ਹਾਅ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ’ਚ ਮਰੀਜ਼ਾਂ ਸਣੇ ਵੱਡੀ ਗਿਣਤੀ ’ਚ ਸਕੂਲਾਂ ਦੇ ਵਿਦਿਆਰਥੀ ਵੀ ਚੈਕਅੱਪ ਲਈ ਪੁੱਜੇ। ਕੈਂਪ ’ਚ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਠੀਕਰੀਵਾਲਾ ਦੀਆਂ ਨੌਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ ਆਪਣਾ ਚੈੱਕਅੱਪ ਕਰਵਾਇਆ, ਉੱਥੇ ਹੀ ਸਕੂਲ ਫ਼ਾਰ ਡੈੱਫ ਬਰਨਾਲਾ ਦੇ ਪੰਜਵੀਂ ਤੋਂ ਲੈ ਕੇ ਬਾਰਵੀਂ ਤੱਕ ਦੇ ਬੱਚੇ ਵੀ ਆਪਣੇ ਅਧਿਆਪਕਾਂ ਰੁਮਿੰਦਰ ਕੌਰ, ਕ੍ਰਿਸ਼ਨਾ ਤੇ ਸਿਮਰਨ ਨਾਲ ਕੈਂਪ ’ਚ ਪੁੱਜੇ। ਕੈਂਪ ਵਿੱਚ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਕੈਂਪ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਰਜਿਸਟ੍ਰੇਸ਼ਨ ਤੋਂ ਲੈ ਕੇ ਡਾਕਟਰਾਂ ਤੋਂ ਚੈੱਕਅੱਪ ਕਰਵਾ ਦਵਾਈਆਂ ਦਵਾਉਣ ਤੱਕ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਖੱਜ਼ਲ ਖੁਆਰੀ ਪੇਸ਼ ਨਹੀਂ ਆਉਣ ਦਿੱਤੀ। ਇਸ ਤੋਂ ਇਲਾਵਾ ਕੌਂਸਲਰ ਧਰਮ ਸਿੰਘ ਫ਼ੌਜੀ, ਕੌਂਸਲਰ ਹਰਬਖ਼ਸ਼ੀਸ਼ ਸਿੰਘ ਗੋਨੀ, ਕੌਂਸਲਰ ਕੰਵਲਜੀਤ ਸਿੰਘ ਸ਼ੀਤਲ ਅਤੇ ਕੌਂਸਲਰ ਜਗਰਾਜ ਪੰਡੋਰੀ ਨੇ ਵੀ ਉੱਚੇਚੇ ਤੌਰ ’ਤੇ ਕੈਂਪ ’ਚ ਸ਼ਿਰਕਤ ਕੀਤੀ ਤੇ ਆਪਣੇ ਵਾਰਡਾਂ ’ਚੋਂ ਵੱਡੀ ਗਿਣਤੀ ’ਚ ਮਰੀਜ਼ਾਂ ਨੂੰ ਚੈੱਕਅੱਪ ਲਈ ਪ੍ਰੇਰਿਤ ਕਰ ਲੈ ਕੇ ਆਏ। ਕੌਂਸਲਰਾਂ ਨੇ ਸਮੂਹ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਤੋਂ ਆਪਣਾ ਇਲਾਜ਼ ਕਰਵਾਉਣ ਲਈ ਵੱਧ ਤੋਂ ਵੱਧ ਗਿਣਤੀ ’ਚ ਇੱਥੇ ਪੁੱਜੋ ਤੇ ਉੱਚ ਪੱਧਰੀ ਸਿਹਤ ਸਹੂਲਤਾਂ ਮੁਫ਼ਤ ’ਚ ਹਾਸਲ ਕਰੋ।

ਬੁੱਧਵਾਰ ਨੂੰ ਵੱਡੀ ਗਿਣਤੀ ’ਚ ਪੁੱਜੇ ਮਰੀਜ਼ਾਂ ਨੇ ਜਿੱਥੇ ਸੀ.ਐੱਸ.ਪੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਤੋਂ ਇਲਾਜ਼ ਕਰਵਾ ਮੁਫ਼ਤ ’ਚ ਦਵਾਈਆਂ ਹਾਸਲ ਕੀਤੀਆਂ, ਉੱਥੇ ਹੀ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਲਈ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਸੀ.ਐੱਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਨੂੰ ਆਪਣੇ ਬਰਨਾਲਾ ਸ਼ਹਿਰ ’ਚ ਹੀ ਦਵਾਕੇ ਟਰਾਈਡੈਂਟ ਗਰੁੱਪ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਲਈ ਉਹ ਗਰੁੱਪ ਦੇ ਧੰਨਵਾਦੀ ਹਨ।

ਕੰਨ, ਨੱਕ ਤੇ ਗਲੇ ਦੀ ਡਾਕਟਰ ਦੀਕਸ਼ਾ ਨੇ ਸਾਂਝੀਆਂ ਕੀਤੀਆਂ ਸਾਵਧਾਨੀਆਂ
ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ ਦੌਰਾਨ, ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰ ਦੀਕਸ਼ਾ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦੇਖਣ ’ਚ ਆਇਆ ਹੈ ਕਿ ਕੰਨ ਦੀ ਕੋਈ ਸਮੱਸਿਆ ਹੋਣ ’ਤੇ ਜ਼ਿਆਦਾਤਰ ਲੋਕ ਤੇਲ ਕੰਨ ਵਿੱਚ ਪਾ ਲੈਂਦੇ ਹਨ ਜਾਂ ਸਫ਼ਾਈ ਲਈ ਮਾਚਿਸ ਦੀ ਤੀਲੀ ਕੰਨ ’ਚ ਮਾਰ ਲੈਂਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਨੱਕ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ’ਚ ਨੱਕ ’ਚ ਐਲਰਜ਼ੀ ਹੋਣ, ਛੀਕਾਂ ਆਉਣ ਤੇ ਰੇਸ਼ਾ ਬਣਨ ਦੀ ਜ਼ਿਆਦਾ ਦਿੱਕਤ ਆਉਂਦੀ ਹੈ। ਇਸੇ ਤਰ੍ਹਾਂ ਗਲੇ ’ਚ ਦਰਦ, ਭੋਜਨ ਖਾਣ ’ਚ ਦਿੱਕਤ ਅਤੇ ਅਵਾਜ਼ ’ਚ ਬਦਲਾਅ ਆਉਣ ’ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਨ, ਨੱਕ ਅਤੇ ਗਲੇ ਦੀਆਂ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਬਿਮਾਰੀਆਂ ਤੋਂ ਬਚਣ ਲਈ ਦਵਾਈ ਦੇ ਨਾਲ-ਨਾਲ ਖਾਣ-ਪੀਣ ਦਾ ਪਰਹੇਜ਼ ਅਤੇ ਸਹੀ ਜੀਵਨ ਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਉਨ੍ਹਾਂ ਫ਼ਾਸਟ ਫੂਡ, ਤੰਬਾਕੂਨੋਸ਼ੀ, ਸਿਗਰਟਨੋਸ਼ੀ, ਅਲਕੋਹਲ ਆਦਿ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਹੁੰਦਿਆਂ ਹੀ ਸਵੈ-ਦਵਾਈ ਦੀ ਬਜਾਏ ਮਾਹਰ ਡਾਕਟਰ ਨਾਲ ਸਲਾਹ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਸਿਹਤ ਸਬੰਧੀ ਸਮੱਸਿਆ ਹੈ ਤਾਂ ਸੀ.ਐੱਮ.ਸੀ. ਵੱਲੋਂ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ’ਚ ਕੈਂਪ ਚੱਲ ਰਿਹਾ ਹੈ, ਜੋ ਕਿ 5 ਦਸੰਬਰ ਤੱਕ ਜਾਰੀ ਰਹੇਗਾ, ਇੱਥੇ ਜਾਂਚ ਕਰਵਾਉਣ ਲਈ ਜ਼ਰੂਰ ਆਓ।

ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਧੰਨਵਾਦ : ਮਰੀਜ਼
ਕੈਂਪ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਮਰੀਜ਼ਾਂ ਨੇ ਭਾਵੁਕ ਹੁੰਦਿਆਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਕੈਂਪ ਵਿੱਚ ਪਹੁੰਚੇ ਬਜ਼ੁਰਗ ਸੁਖਦੇਵ ਸਿੰਘ ਵਾਸੀ ਕਰਮਗੜ੍ਹ, ਪਾਲ ਕੌਰ ਵਾਸੀ ਵਜੀਦਕੇ, ਹਰਜਿੰਦਰ ਸਿੰਘ ਤੇ ਗੁਰਮੇਲ ਕੌਰ ਵਾਸੀ ਬਰਨਾਲਾ ਆਦਿ ਮਰੀਜ਼ਾਂ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਇਲਾਜ ਕਰਵਾਉਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਉੱਥੇ ਹੀ ਰਜਿੰਦਰ ਗੁਪਤਾ ਜੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਮੁਫ਼ਤ ਕੈਂਪ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੋਕਾਂ ਨੇ ਕਿਹਾ ਕਿ ਘਰ ਦੇ ਨੇੜੇ ਹੀ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਮਿਲਣ ਕਾਰਨ ਉਨ੍ਹਾਂ ਦੀਆਂ ਸਿਹਤ ਸਬੰਧੀ ਮੁਸ਼ਕਿਲਾਂ ਦਾ ਹੱਲ ਹੋ ਰਿਹਾ ਹੈ। ਕੈਂਪ ਵਿੱਚ ਮਰੀਜ਼ਾਂ ਦੀ ਭੀੜ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਟਰਾਈਡੈਂਟ ਗਰੁੱਪ ਦਾ ਇਹ ਉਪਰਾਲਾ ਸਮਾਜ ਭਲਾਈ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਰਿਹਾ ਹੈ।


