ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਤਿੰਨ ਇਕਾਈਆਂ ਵੱਲੋ ਸਟੈਂਡਰਡ ਚੌਂਕ ਚ ਲਾਇਆ ਅੰਸਕ ਧਰਨਾ, ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ

ਹੰਡਿਆਇਆ-20ਨਵੰਬਰ(ਰਾਕੇਸ਼ ਜੇਠੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਤਿੰਨ ਇਕਾਈਆਂ ਵੱਲੋ ਸਟੈਂਡਰਡ ਚੌਂਕ ਚ ਲਾਇਆ ਅੰਸਕ ਧਰਨਾ, ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ । ਇਸ ਮੌਕੇ ਗੱਲਬਾਤ ਕਰਦਿਆਂ ਸਰਾਂ ਕੋਠੇ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਲੋਹਾਖੇੜੀਆ, ਬੀਕਾ ਸੂਚ ਪੱਤੀ ਇਕਾਈ ਦੇ ਪ੍ਰਧਾਨ ਬਲਵੀਰ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਜਿਲ੍ਹਾ ਕਮੇਟੀ ਮੈਂਬਰ ਕ੍ਰਿਸਨ ਸਿੰਘ, ਜਸਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਅੰਸਕ ਧਰਨਾ ਦਿੰਦਿਆਂ ਦੱਸਿਆ ਕੇ ਸਟੈਂਡਰਡ ਚੌਂਕ ਦੀ ਚੰਡੀਗੜ੍ਹ ਬਠਿੰਡਾ ਮੇਨ ਪੁੱਲ ਦੀ ਸਾਈਡ ਇਕ ਪਾਸਾ ਮੀਂਹ ਕਾਰਨ ਬੈਠਣ ਕਰਕੇ ਪਿੱਛਲੇ ਚਾਰ ਮਹੀਨੇ ਤੋਂ ਬੰਦ ਹੈ ਜਿਸ ਕਰਕੇ ਸਥਾਨਕ ਚੌਂਕ ਵਿੱਚ ਰਾਹਗੀਰਾਂ ਨੂੰ ਲੰਘਣ ਮੌਕੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਛੋਟੇ ਛੋਟੇ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਨਾਲ ਜਾਨੀ ਜਾਂ ਮਾਲੀ ਨੁਕਸਾਨ ਹੋ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਅਤੇ ਨੈਸਨਲ ਹਾਈਵੇ ਅਥਾਰਤੀ ਇੰਡੀਆ ਵੱਲੋਂ ਹਲੇ ਤੱਕ ਪੁੱਲ ਦੀ ਮੁਰੰਮਤ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ। ਇਸੇ ਤਰਾਂ ਇਸ ਪੁੱਲ ਉਪਰ ਲੱਗੀਆਂ ਸਟਰੀਟ ਲਾਈਟਾਂ ਪਿੱਛਲੇ ਸੱਤ ਸਾਲ ਤੋਂ ਬੰਦ ਪਈਆਂ ਹਨ ਜਿਨ੍ਹਾਂ ਨੂੰ ਚਾਲੂ ਨਹੀਂ ਕੀਤਾ ਗਿਆ। ਅੱਗੇ ਬੋਲਦਿਆਂ ਉਹਨਾਂ ਕਿਹਾ ਕੇ ਸਰਕਾਰ ਵੱਲੋ ਟੋਲ ਪਲਾਜ਼ੇ ਰਾਹੀਂ ਲੋਕਾਂ ਦੀ ਆਰਥਿਕ ਲੁੱਟ ਤਾਂ ਸਦਾ ਕੀਤੀ ਜਾਂਦੀ ਹੈ ਪਰ ਸਹੂਲਤਾਂ ਦੇ ਨਾਮ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕੇ ਜ਼ੇਕਰ ਇਹ ਪੁੱਲ ਹਫਤੇ ਅੰਦਰ ਮੁਰੰਮਤ ਕਰਕੇ ਚਾਲੂ ਨਾਂ ਕੀਤਾ ਗਿਆ ਤਾਂ ਬਡਬਰ ਵਾਲਾ ਟੋਲ ਪਲਾਜ਼ਾ ਫਰੀ ਕੀਤਾ ਜਾਵੇਗਾ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ। ਇਸੇ ਤਰਾਂ ਇਸ ਚੌਂਕ ਵਿੱਚ ਮਾਨਸਾ ਰੋਡ ਅਤੇ ਨੇੜਲੇ ਵਾਸੀਆਂ ਦਾ ਸੀਵਰੇਜ ਵਾਲਾ ਪਾਣੀ ਸੜਕ ਤੇ ਖੜ ਜਾਂਦਾ ਹੈ, ਨੂੰ ਕਈ ਸਾਲਾਂ ਤੋਂ ਹੱਲ ਨਹੀਂ ਕੀਤਾ। ਇਸਦਾ ਅਸੀਂ ਡੀ ਸੀ ਬਰਨਾਲਾ ਅੱਗੇ ਧਰਨਾ ਲਾਵਾਂਗੇ ਜ਼ੇਕਰ ਨਾਂ ਹੱਲ ਹੋਇਆ ਕਿਉਕਿ ਪਾਣੀ ਖੜਨ ਨਾਲ ਅਕਸਰ ਸੜਕ ਤੇ ਟੋਏ ਪੇ ਕੇ ਹਾਦਸੇ ਵਾਪਰਦੇ ਹਨ। ਇਸ ਮੌਕੇ ਜਗਤਾਰ ਸਿੰਘ, ਧੰਨਤਾਰ ਸਿੰਘ, ਸਤਨਾਮ ਸਿੰਘ, ਸੂਬਾ ਸਿੰਘ, ਬੀਰ ਸਿੰਘ, ਨਿੱਕਾ ਸਿੰਘ ਸਰਾਂ, ਬਲਵਿੰਦਰ ਸਿੰਘ ਸਰਾਂ, ਗੁਰਮੀਤ ਸਿੰਘ ਔਲਖ, ਹਰਪ੍ਰੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ ਸੂਚ, ਕਾਲੇਕਾ, ਲਖਵਿੰਦਰ ਸਿੰਘ ਭਰੀ, ਮੇਘਾ ਸਿੰਘ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਵਰਕਰ ਹਾਜਰ ਸਨ।

