ਹੰਡਿਆਇਆ ਵਿੱਚ ਚੋਰਾਂ ਦੀਆਂ ਬੇਖੌਫ ਚੋਰੀਆਂ

ਲੌਕ ਨਹੀਂ ਖੁੱਲਿਆ ਤਾਂ ਲਾਹ ਕੇ ਲੈ ਗਏ ਟਾਇਰ ਬੈਟਰੀ
ਹੰਡਿਆਇਆ-01 ਨਵੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿਖੇ ਇੱਕ ਅਜੀਬੋ ਗਰੀਬ ਚੋਰੀ ਦੀ ਘਟਨਾ ਸਾਹਮਣੇ ਆਈ ਹੈ।ਬੀਤੀ ਰਾਤ ਚਾਰ ਚੋਰਾਂ ਵੱਲੋਂ ਮੇਨ ਬਾਜ਼ਾਰ ਹੰਡਿਆਇਆ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਲੌਕ ਨਾ ਖੁੱਲਣ ਕਾਰਨ ਉਹ ਮੋਟਰਸਾਈਕਲ ਨੂੰ ਚੁੱਕ ਕੇ ਕੁਝ ਦੂਰੀ ਤੇ ਲੈ ਗਏ ਅਤੇ ਉੱਥੇ ਜਾ ਕੇ ਮੋਟਰਸਾਈਕਲ ਦੇ ਦੋਨਾਂ ਟਾਇਰਾਂ ਅਤੇ ਬੈਟਰੀ ਦੀ ਚੋਰੀ ਕਰਕੇ ਲੈ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਓਮ ਪ੍ਰਕਾਸ਼ ਤਿਵਾੜੀ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਇਸ ਮਕਾਨ ਵਿੱਚ ਕਿਰਾਏ ਤੇ ਰਹਿੰਦੇ ਹਨ। ਘਰ ਵਿੱਚ ਜਗ੍ਹਾ ਥੋੜੀ ਹੋਣ ਕਾਰਨ ਉਹ ਅਕਸਰ ਆਪਣੇ ਮੋਟਰਸਾਈਕਲ ਨੂੰ ਬਾਹਰ ਮਹੱਲੇ ਵਿੱਚ ਹੀ ਖੜਾ ਕਰ ਦਿੰਦੇ ਸਨ। ਪ੍ਰੰਤੂ ਵੀਰਵਾਰ ਰਾਤ ਨੂੰ ਬਾਹਰ ਖੜੇ ਮੋਟਰਸਾਈਕਲ ਨੂੰ ਕੁਝ ਚੋਰਾਂ ਦੁਆਰਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੌਕ ਨਾ ਖੁੱਲਣ ਕਾਰਨ, ਮੋਟਰਸਾਈਕਲ ਨੂੰ ਗਲੀ ਦੇ ਨੁਕਰ ਤੱਕ ਚੁੱਕ ਕੇ ਲੈ ਜਾਣ ਤੋਂ ਬਾਅਦ ਦੋਵੇ ਟਾਇਰ ਅਤੇ ਬੈਟਰੀ ਚੋਰੀ ਕਰਕੇ ਲੈ ਗਏ। ਸੀਸੀਟੀਵੀ ਦੀ ਫੁਟੇਜ ਵਿੱਚ ਮੂੰਹ ਢਕੇ ਹੋਏ ਚਾਰ ਚੋਰਾਂ ਨੂੰ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਚੋਰੀ ਸਬੰਧੀ ਪੁਲਿਸ ਚੌਂਕੀ ਹੰਡਿਆਇਆ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ।
ਚੋਰ ਇੰਨੇ ਬੇਫਿਕਰੇ ਹੋ ਕੇ ਮੋਟਰਸਾਈਕਲ ਦੇ ਟਾਇਰ ਅਤੇ ਬੈਟਰੀ ਕੱਢ ਕੇ ਲੈ ਗਏ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਭੈ ਨਹੀਂ ਸੀ। ਕੁਝ ਦਿਨ ਪਹਿਲਾਂ ਵੀ ਅਜਿਹੀ ਵਾਰਦਾਤ ਸੀਆਈਏ ਸਟਾਫ ਦੇ ਬਿਲਕੁਲ ਸਾਹਮਣੇ ਵਾਪਰੀ ਸੀ, ਜਿਸ ਵਿੱਚ ਚੋਰ ਤੀਸਰੀ ਮੰਜ਼ਿਲ ਤੇ ਪਹੁੰਚ ਕੇ ਮੋਬਾਈਲ ਚੋਰੀ ਕਰਕੇ ਲੈ ਗਿਆ ਸੀ ਪਰੰਤੂ ਅਜੇ ਤੱਕ ਪੁਲਿਸ ਨੂੰ ਉਸ ਦੀ ਕੋਈ ਉੱਗ ਸੁੱਘ ਨਹੀਂ ਮਿਲੀ। ਲੋਕਾਂ ਨੇ ਪੁਲਿਸ ਅਤੇ ਲੋਕਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਇਹਨਾਂ ਤੇ ਨਕੇਲ ਕੱਸੀ ਜਾਵੇ।
