ਮੀਂਹ ਕਾਰਨ ਆਈਆਂ ਤਰੇੜਾਂ ਨੇ ਬਣਾਇਆ ਡਰ ਦਾ ਮਾਹੌਲ

ਹੰਡਿਆਇਆ-9ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਮਹੱਲੇ ਵਿੱਚ ਬਰਸਾਤ ਕਾਰਨ ਦੋ ਹੋਰ ਘਰਾਂ ਨੂੰ ਤਰੇੜਾਂ ਆਉਣ ਦੀ ਜਾਣਕਾਰੀ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ ਤਿੰਨ ਦੇ ਐਮਸੀ ਮੰਜੂ ਰਾਣੀ ਦੇ ਪਤੀ ਲਾਢੀ ਸਿੰਘ ਨੇ ਦੱਸਿਆ ਕਿ ਭਾਰੀ ਬਰਸਾਤਾਂ ਕਾਰਨ ਦਲੀਪ ਕੌਰ ਪਤਨੀ ਸੁਰਜੀਤ ਸਿੰਘ ਦੇ ਘਰ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ। ਘਰ ਵਿੱਚ ਦੋਨੋਂ ਬਜ਼ੁਰਗ ਹੀ ਨਿਵਾਸ ਕਰਦੇ ਹਨ। ਉਹਨਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਕੇਵਲ ਪੈਨਸ਼ਨ ਦੇ ਸਿਰ ਤੇ ਹੀ ਗੁਜ਼ਾਰਾ ਕਰ ਰਹੇ ਹਨ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਹੀ ਘਰ ਦੀ ਹਾਲਤ ਨੂੰ ਦੇਖਦੇ ਹੋਏ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਘਰ ਦੀ ਮੁਰੰਮਤ ਕਰਵਾ ਕੇ ਸੁਰੱਖਿਤ ਰਹਿ ਸਕਣ।

ਕਿਲਾ ਪੱਤੀ ਦੇ ਇੱਕ ਹੋਰ ਘਰ ਵਿੱਚ ਵੀ ਬਾਰਿਸ਼ ਕਾਰਨ ਤਰੇੜਾਂ ਆ ਗਈਆਂ। ਘਰ ਦੇ ਮਾਲਕ ਜਗਤਾਰ ਸਿੰਘ ਪੁੱਤਰ ਭੰਤ ਸਿੰਘ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਘਰ ਦੀਆਂ ਨੀਵਾਂ ਵਿੱਚ ਪਾਣੀ ਪੈ ਜਾਣ ਕਾਰਨ ਉਹਨਾਂ ਦੇ ਘਰ ਦੀਆਂ ਦੀਆਂ ਛੱਤਾਂ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ। ਉਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਤੋਂ ਡਰ ਲੱਗ ਰਿਹਾ ਹੈ, ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੇਰੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਮੁਆਵਜਾ ਦਿੱਤਾ ਜਾਵੇ।
