ਬਰਨਾਲਾ ਦੇ ਨੌਜਵਾਨ ਦੀ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ

ਬਰਨਾਲਾ, 1 ਸਤਬੰਰ (ਰਾਕੇਸ਼ ਜੇਠੀ) : ਇੱਕ ਮਜ਼ਦੂਰ ਪਰਿਵਾਰ ਦੇ 20 ਸਾਲਾਂ ਲੜਕੇ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸੇਖਾ ਰੋਡ, ਗਲੀ ਨੰਬਰ 5 ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ। ਪਰ ਵਾਪਸ ਨਹੀਂ ਆਇਆ। ਸਵੇਰੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਸ਼ਿਵ ਮੱਠ ਨੇੜੇ ਵਿਗੜੀ ਹੋਈ ਹਾਲਤ ਵਿੱਚ ਪਈ ਹੈ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਰੇਲਵੇ ਪੁਲਿਸ ਨੇ ਆ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਰੇਲਵੇ ਪੁਲਿਸ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
