“ਇੱਕ ਰਾਸ਼ਟਰ, ਇੱਕ ਚੋਣ” ਪ੍ਰਸਤਾਵ ਸਬੰਧੀ ਕੀਤੀ ਚਰਚਾ

ਪੰਜਾਬ ਸੰਗਠਨ ਮੰਤਰੀ ਨਾਲ ਵਿਚਾਰ ਵਟਾਂਦਰਾ ਕਰਦੇ ਅਖਿਲੇਸ਼ ਸ਼ਰਮਾ
ਹੰਡਿਆਇਆ -30ਅਗੱਸਤ(ਰਾਕੇਸ਼ ਜੇਠੀ) – ਅੱਜ ਮਿਤੀ 30 ਅਗਸਤ 2025 ਨੂੰ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਭਾਰਤੀ ਜਨਤਾ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ “ਇੱਕ ਰਾਸ਼ਟਰ, ਇੱਕ ਚੋਣ” ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਜੇਪੀ ਹੰਡਿਆਇਆ ਦੇ ਮੰਡਲ ਪ੍ਰਧਾਨ ਅਖਿਲੇਸ਼ ਸ਼ਰਮਾ ਜੋਨੀ ਨੇ ਕਿਹਾ ਕਿ “ਇੱਕ ਰਾਸ਼ਟਰ, ਇੱਕ ਚੋਣ” ਭਾਰਤ ਸਰਕਾਰ ਦੁਆਰਾ ਵਿਚਾਰ ਅਧੀਨ ਇੱਕ ਪ੍ਰਸਤਾਵ ਹੈ, ਜਿਸ ਤਹਿਤ ਦੇਸ਼ ਵਿੱਚ ਸਾਰੀਆਂ ਚੋਣਾਂ ਇੱਕੋ ਦਿਨ ਜਾਂ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਕਰਵਾਉਣੀਆਂ ਹਨ, ਤਾਂ ਜੋ ਚੋਣ ਖਰਚਿਆਂ ਨੂੰ ਘਟਾਇਆ ਜਾ ਸਕੇ। ਉਹਨਾਂ ਦੱਸਿਆ ਕਿ 1951-52 ਤੋਂ 1967 ਤੱਕ, ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਜ਼ਿਆਦਾਤਰ ਇੱਕੋ ਸਮੇਂ ਹੁੰਦੀਆਂ ਸਨ ਅਤੇ ਉਸ ਤੋਂ ਬਾਅਦ ਇਹ ਚੱਕਰ ਟੁੱਟ ਗਿਆ ਅਤੇ ਹੁਣ, ਚੋਣਾਂ ਲਗਭਗ ਹਰ ਸਾਲ ਅਤੇ ਇੱਕ ਸਾਲ ਦੇ ਅੰਦਰ ਵੱਖ-ਵੱਖ ਸਮਿਆਂ ‘ਤੇ ਹੁੰਦੀਆਂ ਹਨ, ਜਿਸਦੇ ਨਤੀਜੇ ਵਜੋਂ ਸਰਕਾਰ ਅਤੇ ਹੋਰ ਹਿੱਸੇਦਾਰਾਂ ਦੁਆਰਾ ਭਾਰੀ ਖਰਚਾ ਕੀਤਾ ਜਾਂਦਾ ਹੈ, ਸੁਰੱਖਿਆ ਬਲਾਂ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਫਰਜ਼ਾਂ ਤੋਂ ਇਲਾਵਾ ਅਜਿਹੀਆਂ ਚੋਣਾਂ ਵਿੱਚ ਕਾਫ਼ੀ ਲੰਬੇ ਸਮੇਂ ਲਈ ਤਾਇਨਾਤ ਕੀਤਾ ਜਾਂਦਾ ਹੈ, ਆਦਰਸ਼ ਚੋਣ ਜ਼ਾਬਤੇ ਦੀ ਲੰਬੇ ਸਮੇਂ ਤੱਕ ਵਰਤੋਂ ਕਾਰਨ ਵਿਕਾਸ ਕਾਰਜਾਂ ਵਿੱਚ ਵਿਘਨ ਪੈਂਦਾ ਹੈ।
ਉਹਨਾਂ ਕਿਹਾ ਕਿ ਇਸੇ ਵਿਸ਼ੇ ਸਬੰਧੀ ਅੱਜ ਬੀਜੇਪੀ ਪੰਜਾਬ ਸੰਗਠਨ ਮੰਤਰੀ ਦੁਆਰਾ ਮੋਗਾ ਵਿਖੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀ 6 ਸਤੰਬਰ ਨੂੰ ਵੀ ਜਲੰਧਰ ਵਿਖੇ “ਇੱਕ ਰਾਸ਼ਟਰ ਇੱਕ ਚੋਣ” ਨਾਲ ਸੰਬੰਧਿਤ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੰਤਰੀ ਜੀ ਨੇ ਉਸ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
