ਬਰਨਾਲਾ ਤੋਂ ਝੂਠਾ ਪੀੜਤ ਕਿਸਾਨ ਬਣ ਚੰਡੀਗੜ੍ਹ ਗਏ ਨੌਜਵਾਨ ਦੀ ਦੱਸੀ ਅਸਲ ਸੱਚਾਈ….

ਦਰਖਾਸਤ ਦੇ ਕੇ ਦੁਬਾਰਾ ਲੈਂਡ ਪੁਲਿੰਗ ਪੋਲਸੀ ਦਾ ਦਰਸਾਇਆ ਵਿਰੋਧ
ਹੰਡਿਆਇਆ -24ਜੁਲਾਈ (ਰਾਕੇਸ਼ ਜੇਠੀ)- ਹੰਡਿਆਇਆ-ਬਰਨਾਲਾ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪੋਲਸੀ ਅਧੀਨ ਆ ਰਹੀ ਜਮੀਨ ਦੇ ਮਾਲਕਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਰਖਾਸਤ ਦੇ ਕੇ ਇਸ ਲੈਂਡ ਪੁਲਿੰਗ ਪੋਲਿਸੀ ਦਾ ਪੁਰਜੋਰ ਵਿਰੋਧ ਦਰਸਾਇਆ ਗਿਆ ਤੇ ਬਰਨਾਲਾ ਦੇ ਜਿਸ ਕਿਸਾਨ ਦੁਆਰਾ ਚੰਡੀਗੜ੍ਹ ਮੀਟਿੰਗ ਵਿੱਚ ਜਾ ਕੇ ਪੰਜਾਬ ਸਰਕਾਰ ਨੂੰ ਠੇਕੇ ਦੀ ਰਕਮ ਵਧਾਉਣ ਦੀ ਗੱਲ ਕਹੀ ਗਈ, ਉਸਦੀ ਅਸਲ ਸੱਚਾਈ ਵੀ ਦੱਸੀ ਗਈ ਅਤੇ ਉਸ ਦੁਆਰਾ ਕੀਤੀ ਗਈ ਗਲਤੀ ਲਈ ਲਿਖਤ ਮਾਫੀਨਾਮਾ ਵੀ ਜਮਾ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਰਖਾਸਤ ਦੇਣ ਮੌਕੇ ਕਿਸਾਨ ਬਲਵੀਰ ਸਿੰਘ, ਅਰਵਿੰਦਰ ਸਿੰਘ, ਬਲਜੀਤ ਕੌਰ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ, ਰਾਮ ਸਿੰਘ, ਅਵਤਾਰ ਸਿੰਘ, ਹਰਮੇਲ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਤੇ ਲਖਬੀਰ ਸਿੰਘ ਤੋਂ ਇਲਾਵਾ ਹੋਰ ਅਜਿਹੇ ਕਈ ਕਿਸਾਨ ਹਾਜ਼ਰ ਸਨ, ਜਿਨਾਂ ਦੀ ਜਮੀਨ ਨੂੰ ਸਰਕਾਰ ਪੁੱਡਾ ਸਕੀਮ ਤਹਿਤ ਇਕੁਾਇਰ ਕਰਨਾ ਚਾਹੁੰਦੀ ਹੈ।
ਅਸਲੀ ਮਾਮਲਾ ਕੀ ਹੈ :-
ਅਸਲ ਵਿੱਚ ਪੰਜਾਬ ਸਰਕਾਰ ਪੁੱਡਾ ਸਕੀਮ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕਿਸਾਨਾਂ ਦੀਆਂ ਜਮੀਨਾਂ ਇਕਵਾਇਰ ਕਰਨਾ ਚਾਹੁੰਦੀ ਹੈ ਜਿਸ ਦਾ ਲਗਭਗ ਹਰ ਪਾਸੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਤਹਿਤ ਪੰਜਾਬ ਸਰਕਾਰ ਬਰਨਾਲਾ-ਹੰਡਿਆਇਆ ਦੀ 317 ਏਕੜ ਜਮੀਨ ਪੁੱਡਾ ਸਕੀਮ ਤਹਿਤ ਇਕਵਾਇਰ ਕਰਨਾ ਚਾਹੁੰਦੀ ਸੀ ਪਰੰਤੂ ਜਮੀਨ ਦੇ ਮਾਲਕਾਂ ਵੱਲੋਂ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਇਸ ਲੈਂਡ ਪੁਲਿੰਗ ਪੋਲਸੀ ਨਾਲ ਸੰਬੰਧਿਤ ਵਿਚਾਰ ਵਿਟਾਂਦਰਾ ਕਰਨ ਲਈ ਇੱਕ ਮੀਟਿੰਗ ਰੱਖੀ ਗਈ ਸੀ। ਜਿਸ ਵਿੱਚ ਬਰਨਾਲਾ ਦਾ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਰਚਾ ਰੋਡ ਬਰਨਾਲਾ, ਮੀਟਿੰਗ ਵਿੱਚ ਪਹੁੰਚਿਆ ਅਤੇ ਬਰਨਾਲਾ-ਹੰਡਿਆਇਆ ਦੀ ਜਮੀਨ ਇਕਵਾਇਰ ਕੀਤੇ ਜਾਣ ਵਾਲੇ ਕਿਸਾਨਾਂ ਦੇ ਵੱਲੋਂ ਗੱਲ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਜਮੀਨ ਇਕਵਾਇਰ ਕਰਨ ਤੇ ਦਿੱਤੇ ਜਾਣ ਵਾਲੇ ਸਾਲਾਨਾ ਠੇਕੇ ਦੀ ਰਕਮ ਨੂੰ ਵਧਾਉਣ ਸਬੰਧੀ ਗੱਲਬਾਤ ਕਹਿਣ ਲੱਗਾ, ਜਿਸ ਨੂੰ ਉੱਥੇ ਮੌਜੂਦ ਮੰਤਰੀ ਵੱਲੋਂ ਵਧਾ ਕੇ ਇੱਕ ਲੱਖ ਰੁਪਏ ਸਲਾਨਾ ਕਰ ਦਿੱਤੀ ਗਈ ਅਤੇ ਇਹ ਪ੍ਰਚਾਰ ਕੀਤਾ ਜਾਣ ਲੱਗ ਪਿਆ ਕਿ ਪੰਜਾਬ ਸਰਕਾਰ ਨੇ ਮੌਕੇ ਤੇ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਦੇ ਹੋਏ ਕਿਸਾਨ ਹਿੱਤ ਵਿੱਚ ਫੈਸਲਾ ਲਿਆ ਹੈ।
ਜਦੋਂ ਇਸ ਸਬੰਧੀ ਜਾਣਕਾਰੀ ਹੰਡਿਆਇਆ-ਬਰਨਾਲਾ ਦੇ ਉਹਨਾਂ ਕਿਸਾਨਾਂ ਨੂੰ ਮਿਲੀ ਜਿਨਾਂ ਦੀ ਜਮੀਨ ਨੂੰ ਸਰਕਾਰ ਇਕਵਾਇਰ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਇਸ ਸਬੰਧੀ ਪੁੱਛਗਿੱਛ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਅਮਨਦੀਪ ਸਿੰਘ ਕਹਿ ਰਿਹਾ ਹੈ ਕਿ ਉਸ ਤੋਂ ਜਾਣੇ ਅਣਜਾਣੇ ਵਿੱਚ ਅਜਿਹੀਆਂ ਗੱਲਾਂ ਕਹੀਆਂ ਗਈਆਂ।ਜਦੋਂ ਕਿ ਉਸਦੀ ਕੋਈ ਵੀ ਜਮੀਨ ਇਸ ਪੋਲਸੀ ਅਧੀਨ ਨਹੀਂ ਆਉਂਦੀ। ਉਹ ਖੁਦ ਵੀ ਪੰਜਾਬ ਸਰਕਾਰ ਦੀ ਇਸ ਲੈਂਡ ਪੁਲਿੰਗ ਦੇ ਨਾਲ ਸਹਿਮਤ ਨਹੀਂ ਹੈ ਅਤੇ ਬਰਨਾਲਾ-ਹੰਡਿਆਇਆ ਦਾ ਕੋਈ ਵੀ ਕਿਸਾਨ ਆਪਣੀ ਜਮੀਨ ਸਰਕਾਰ ਨੂੰ ਇਕਵਾਇਰ ਨਹੀਂ ਕਰਨ ਦੇਵੇਗਾ।
ਪੰਜਾਬ ਸਰਕਾਰ ਦੁਆਰਾ ਲੈਂਡ ਪੋਲਿੰਗ ਪੋਲਸੀ ਨੂੰ ਜਾਇਜ਼ ਠਹਿਰਾਉਣ ਅਤੇ ਇਸ ਨੂੰ ਕਾਮਯਾਬ ਕਰਨ ਲਈ ਲਈ ਵੱਖ-ਵੱਖ ਤਰ੍ਹਾਂ ਦੇ ਹੱਥ ਕੰਡੇ ਦੇ ਅਪਣਾਏ ਜਾ ਰਹੇ ਹਨ। ਉਪਰੋਕਤ ਮਾਮਲੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਵਰਕਰ ਫਰਜੀ ਪੀੜਿਤ ਕਿਸਾਨ ਬਣ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ ਅਤੇ ਸਰਕਾਰ ਦਾ ਪੱਖ ਲੈਣ ਲਈ ਸਰਕਾਰ ਦੇ ਹੀ ਵਿਰੋਧ ਵਿੱਚ ਖੜਾ ਹੋ ਕੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪੋਲਿਸੀ ਨੂੰ ਸਹੀ ਠਹਿਰਾ ਰਿਹਾ ਸੀ।
