ਅਧਿਆਪਕ ਤਬਾਦਲਿਆਂ ਚ ਦੇਰੀ ਕਾਰਨ ਅਧਿਆਪਕ ਵਰਗ ਪ੍ਰੇਸ਼ਾਨ

ਅਫ਼ਸਰਸ਼ਾਹੀ ਵੱਲੋਂ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ ਵਾਲੀ ਸਥਿਤੀ ਬਣਾਈ – ਅਕਲੀਆ
ਹੰਡਿਆਇਆ-09ਜੁਲਾਈ- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਚ ਦੇਰੀ ਕਾਰਨ ਅਧਿਆਪਕ ਵਰਗ ਪ੍ਰੇਸ਼ਾਨ ਹੈ । ਡੀ ਟੀ ਐੱਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਬਦਲੀਆਂ ਦਾ ਕੰਮ ਮੁਕਾ ਦਿੱਤਾ ਜਾਇਆ ਕਰੇਗਾ । ਪਰ ਅਫ਼ਸਰਸ਼ਾਹੀ ਵੱਲੋਂ ਅਜੇ ਤੱਕ ਇਕ ਰਾਊਂਡ ਵੀ ਬਦਲੀ ਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੰਚਾਂ ਦ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਸਥਿਤੀ ਬਣੀ ਹੋਈ ਹੈ । ਅਧਿਆਪਕਾਂ ਤੋਂ ਆਨਲਾਈਨ ਪੋਰਟਲ ਤੇ 6 ਜੂਨ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪਰ ਉਸ ਤੋਂ ਬਾਅਦ ਇਸ ਪ੍ਰਕਿਰਿਆ ਉੱਪਰ ਅਚਾਨਕ ਰੋਕ ਲਗਾ ਦਿੱਤੀ ਗਈ। ਜਿਸ ਨੂੰ ਲੱਗਭਗ 1 ਮਹੀਨਾ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਤਣ -ਪੱਤਣ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਜਿਸ ਕਾਰਨ ਘਰਾਂ ਤੋਂ ਦੂਰ ਦਰਾਡੇ ਬੈਠੇ,ਗੰਭੀਰ ਬਿਮਾਰੀਆਂ ਤੋਂ ਪੀੜ੍ਹਤ, ਨਵ- ਵਿਆਹੁਤਾ ਅਤੇ ਕੁਆਰੀਆਂ ਲੜਕੀਆਂ ਆਦਿ ਅਧਿਆਪਕ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ । ਉਨ੍ਹਾਂ ਦੱਸਿਆ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਸਮੂਹ ਸੂਬਾ ਆਗੂਆਂ ਨੇ ਕਿਹਾ ਕਿ ਇਹ ਬਦਲੀ ਨੀਤੀ ਬਦਲਾ ਲਊ ਨੀਤੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਮਤੀ ਵਾਲੀਆਂ ਬਦਲੀਆਂ ਤੋਂ ਹਰ ਤਰ੍ਹਾਂ ਦੀ ਸ਼ਰਤ ਖ਼ਤਮ ਕੀਤੀ ਜਾਵੇ। ਆਗੂਆਂ ਨੇ ਵਿਭਾਗ ਦੀ ਢਿੱਲ ਮੱਠ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾਂ ਕਿ ਜੇਕਰ ਵਿਭਾਗ ਵੱਲੋਂ ਬਿਨਾਂ ਵਜ੍ਹਾ ਕੀਤੀ ਜਾ ਦੇਰੀ ਤੋਂ ਹੱਟ ਕੇ ਜਲਦੀ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ ਤਾਂ ਜਥੇਬੰਦੀ ਨੂੰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ ।
