ਨਗਰ ਪੰਚਾਇਤ ਹੰਡਿਆਇਆ ਪਹੁੰਚੀ ਵਿਜੀਲੈਂਸ ਪਟਿਆਲਾ

ਹੰਡਿਆਇਆ -04 ਜੁਲਾਈ- ਅੱਜ 10-11 ਵਜੇ ਵਿਜੀਲੈਂਸ ਪਟਿਆਲਾ ਵੱਲੋਂ ਨਗਰ ਪੰਚਾਇਤ ਹੰਡਿਆਇਆ ਵਿਖੇ ਕੁਝ ਫਾਈਲਾਂ ਸਬੰਧੀ ਕੁਝ ਪੁੱਛ ਪੜਤਾਲ ਕੀਤੀ ਗਈ। ਜਾਣਕਾਰੀ ਅਨੁਸਾਰ ਵਿਜਲੈਂਸ ਪਟਿਆਲਾ ਵੱਲੋਂ ਲੋੜੀਂਦੀਆਂ ਫਾਈਲਾਂ ਸਥਾਨਕ ਦਫਤਰ ਕਰਮਚਾਰੀਆਂ ਕੋਲ ਉਪਲਬਧ ਹੀ ਨਹੀਂ ਸਨ। ਕਰਮਚਾਰੀਆਂ ਨੇ ਫਾਈਲਾਂ ਜੇਈ ਕੋਲ ਕਹਿ ਕੇ ਪੱਲਾ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਅਫਸਰਾਂ ਨੇ ਜੇਈ ਨੂੰ ਫੋਨ ਲਾ ਕੇ ਪੁੱਛਿਆ ਤਾਂ ਉਹਨਾਂ ਨੇ ਆਪਣੇ ਕੋਲ ਫਾਈਲ ਹੋਣ ਤੋਂ ਮਨਾ ਕਰ ਦਿੱਤਾ। ਫੇਰ ਕਰਮਚਾਰੀ ਨੇ ਕਿਹਾ ਕਿ ਇਹ ਫਾਇਲ ਠੇਕੇਦਾਰ ਕੋਲ ਹੈ।ਜਿਕਰਯੋਗ ਹੈ ਕਿ ਜੇਕਰ ਦਫਤਰ ਦੀਆਂ ਫਾਇਲਾਂ ਠੇਕੇਦਾਰ ਲਈ ਫਿਰਦੇ ਹਨ ਤਾਂ ਮੁਲਾਜਮ ਕਿਸ ਕੰਮ ਲਈ ਰੱਖੇ ਗਏ ਹਨ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਦਾ ਕਰਮਚਾਰੀ ਧਨੌਲਾ ਦੇ ਅਕਾਊਂਟੈਂਟ ਨਾਲ ਮਿਲ ਕੇ ਠੇਕੇਦਾਰਾਂ ਕੋਲੋਂ ਕੰਮ ਦੇ ਬਦਲੇ ਕਮਿਸ਼ਨ ਲੈਂਦੇ ਸਨ।ਠੇਕੇਦਾਰ ਦੁਆਰਾ ਸ਼ਿਕਾਇਤ ਕੀਤੀ ਜਾਣ ਤੇ ਅਕਾਊਂਟੈਂਟ ਨੂੰ ਵਿਜੀਲੈਂਸ ਵਿਭਾਗ ਵੱਲੋਂ ਰੰਗੇ ਹੱਥੀ ਰਿਸ਼ਵਤ ਲੈਂਦੇ ਗਿਰਫਤਾਰ ਕਰ ਲਿਆ ਗਿਆ ਅਤੇ ਉਸ ਦੇ ਸਹਿਯੋਗੀ ਦੀ ਭਾਲ ਵਿੱਚ ਨਗਰ ਪੰਚਾਇਤ ਹੰਡਿਆਇਆ ਵਿਖੇ ਪਟਿਆਲਾ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਗਈ।ਇਸੇ ਜਾਂਚ ਪੜਤਾਲ ਦੇ ਦੌਰਾਨ ਨਗਰ ਪੰਚਾਇਤ ਹੰਡਿਆਇਆ ਦੇ ਇੱਕ ਕਰਮਚਾਰੀ ਨੂੰ ਵਿਜੀਲੈਂਸ ਆਪਣੇ ਨਾਲ ਲੈ ਕੇ ਗਈ ਹੈ।
ਜਦੋਂ ਇਸ ਸਬੰਧੀ ਜਾਣਕਾਰੀ ਲਈ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨੂੰ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।