ਹੰਡਿਆਇਆ ਦੇ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਬਰਾਮਦ ਕੀਤੀਆਂ 75 ਨਸ਼ੀਲੀਆਂ ਗੋਲੀਆਂ ਅਤੇ 4 ਗਰਾਮ ਚਿੱਟਾ

ਹੰਡਿਆਇਆ -22ਅਪ੍ਰੈਲ- ਪੰਜਾਬ ਸਰਕਾਰ ਦੀ ”ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਹੰਡਿਆਇਆ ਪੁਲਿਸ ਦੁਆਰਾ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਐਸਐਚ ਓ ਸ਼ੇਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਹੰਡਿਆਇਆ ਦੁਆਰਾ ਧਨੌਲਾ ਖੁਰਦ ਦੇ ਬੱਸ ਸਟੈਂਡ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਨੂੰ ਮੁਖਬਰ ਵੱਲੋਂ ਪੱਕੀ ਇਤਲਾਹ ਮਿਲੀ ਕਿ ਹੰਡਿਆਇਆ ਦੇ ਕਰਮਵੀਰ ਸਿੰਘ ਉਰਫ ਕਾਲੀ ਪੁੱਤਰ ਜਗਦੇਵ ਸਿੰਘ, ਜਗਸੀਰ ਸਿੰਘ ਉਰਫ ਜੋਰਡਨ ਪੁੱਤਰ ਗੁਰਜੰਟ ਸਿੰਘ, ਲਖਬੀਰ ਸਿੰਘ ਉਰਫ ਪੀਤੂ ਪੁੱਤਰ ਕਰਮਜੀਤ ਸਿੰਘ, ਵਿਕਾਸ ਕੁਮਾਰ ਉਰਫ ਬੀਕਾ ਪੁੱਤਰ ਰਵੀ ਪ੍ਰਸ਼ਾਦ ਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਮਿੱਠੂ ਸਿੰਘ ਵਾਸੀਆਨ ਬਾਬਾ ਜੀਵਨ ਸਿੰਘ ਨਗਰ ਜੋ ਕਿ ਬਾਹਰੋਂ ਨਸ਼ਾ ਲਿਆ ਕੇ ਹੰਡਿਆਇਆ ਵਿੱਚ ਵੇਚਣ ਦਾ ਕੰਮ ਕਰਦੇ ਹਨ। ਜੇਕਰ ਉਹਨਾਂ ਨੂੰ ਇਸ ਮੌਕੇ ਕਾਬੂ ਕੀਤਾ ਜਾਵੇ ਤਾਂ ਉਹਨਾਂ ਕੋਲੋਂ ਨਸ਼ੇ ਦਾ ਸਮਾਨ ਬਰਾਮਦ ਹੋ ਜਾਵੇਗਾ। ਇਤਲਾਹ ਭਰੋਸੇ ਯੋਗ ਹੋਣ ਤੇ ਪੁਲਿਸ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 75 ਨਸ਼ੇ ਦੀਆਂ ਗੋਲੀਆਂ ਅਤੇ ਚਾਰ ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਉਹਨਾਂ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਪਰੋਕਤ ਵਿਅਕਤੀ ਨਸ਼ੇ ਦਾ ਸਮਾਨ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿੰਨਾ ਨੂੰ ਸਪਲਾਈ ਕਰਦੇ ਸਨ। ਇਸ ਮੌਕੇ ਇੰਚਾਰਜ ਤਰਸੇਮ ਸਿੰਘ ਦੇ ਨਾਲ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਜਸਵੰਤ ਸਿੰਘ, ਕਾਂਸਟੇਬਲ ਗੁਰਮੀਤ ਸਿੰਘ ਤੇ ਕਾਂਸਟੇਬਲ ਰਮਨਦੀਪ ਸਿੰਘ ਵੀ ਹਾਜ਼ਰ ਸਨ।
