ਬਠਿੰਡਾ ਵਿਖੇ ਲੇਡੀ ਕਾਂਸਟੇਬਲ ਚਿੱਟੇ ਸਮੇਤ ਗ੍ਰਿਫਤਾਰ

ਬਠਿੰਡਾ-03ਅਪ੍ਰੈਲ-ਪੰਜਾਬ ਦੀ ਇੱਕ ਲੇਡੀ ਕਾਂਸਟੇਬਲ ਨੂੰ ਬਠਿੰਡਾ ਵਿਖੇ ਚਿੱਟੇ(ਹਿਰੋਇਨ) ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਨ ਦੇ ਹਰਬੰਸ ਸਿੰਘ ਨੇ ਦੱਸਿਆ ਕਿ ਵਰਧਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪਰੇਸ਼ਨ ਤਹਿਤ ਬਾਦਲ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਥਾਰ ਗੱਡੀ ਜੋ ਕਿ ਲਾਡਲੀ ਧੀ ਚੌਂਕ ਵੱਲੋਂ ਆ ਰਹੀ ਸੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ। ਉਹਨਾਂ ਦੱਸਿਆ ਕਿ ਤਲਾਸ਼ੀ ਦੇ ਦੌਰਾਨ ਗੱਡੀ ਦੇ ਗੇਅਰ ਬਾਕਸ ਕੋਲ ਇੱਕ ਡੱਬਾ ਮਿਲਿਆ ਜਿਸ ਵਿੱਚ ਪੋਲੀਥੀਨ ਬੈਗ ਵਿੱਚੋਂ ਹਿਰੋਇਨ ਬਰਾਮਦ ਹੋਈ, ਜਿਸ ਦਾ ਭਾਰ 17.71 ਗ੍ਰਾਮ ਸੀ। ਪੁੱਛਗਿੱਛ ਕਰਨ ਤੇ ਉਕਤ ਔਰਤ ਦੀ ਪਹਿਚਾਨ ਅਮਨਦੀਪ ਕੌਰ ਵਜੋਂ ਹੋਈ ਜੋ ਕਿ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ਵਿੱਚ ਇੱਕ ਸੀਨੀਅਰ ਕਾਂਸਟੇਬਲ ਵਜੋਂ ਮਾਨਸਾ ਵਿਖੇ ਤੈਨਾਤ ਹੈ। ਪਰ ਹੁਣ ਉਹ ਬਠਿੰਡਾ ਪੁਲਿਸ ਲਾਈਨ ਨਾਲ ਅਟੈਚ ਹੈ। ਮਹਿਲਾ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ।
