9 ਸਾਲ ਦੇ ਬੱਚੇ ਨੂੰ ਨੋਚ ਨੋਚ ਖਾ ਗਏ ਕੁੱਤੇ

ਨਾਭਾ-20 ਜਨਵਰੀ-ਹਲਕਾ ਨਾਭਾ ਅਧੀਨ ਪੈਂਦੇ ਪਿੰਡ ਵਿੱਚ ਇੱਕ ਖੌਫਨਾਕ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ। ਨਾਭਾ ਦੇ ਪਿੰਡ ਢਿੰਗੀ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਨੌ ਸਾਲਾ ਸ਼ਿਵਮ ਕੁਮਾਰ ਪੁੱਤਰ ਰਾਮ ਚੰਦਰ ਆਪਣੀ ਮਾਂ ਨਾਲ ਆਲੂ ਚੁਗਣ ਲਈ ਖੇਤਾਂ ਵਿੱਚ ਗਿਆ ਸੀ। ਉੱਥੇ ਉਹ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਉਸਦੀ ਮਾਤਾ ਆਪਣੇ ਕੰਮ ਕਰ ਰਹੀ ਸੀ। ਬੱਚੇ ਆਪਸ ਵਿੱਚ ਖੇਡਦੇ ਖੇਡਦੇ ਕੁਝ ਅੱਗੇ ਨਿਕਲ ਗਏ ਤਾਂ ਉੱਥੇ ਫਿਰਦੇ 15 ਦੇ ਕਰੀਬ ਖੂੰਖਾਰ ਅਵਾਰਾ ਕੁੱਤਿਆਂ ਨੇ ਉਹਨਾਂ ਨੂੰ ਘੇਰ ਲਿਆ। ਇਸ ਦੌਰਾਨ ਸ਼ਿਵਮ ਦੀ ਗੁਆਂਢੀ ਬੱਚੀ ਕਿਸੇ ਤਰਾਂ ਆਪਣੀ ਜਾਨ ਬਚਾ ਕੇ ਭੱਜ ਆਈ ਤੇ ਉਸਨੇ ਸ਼ਿਵਮ ਦੀ ਮਾਂ ਨੂੰ ਆ ਕੇ ਦੱਸਿਆ। ਜਦੋਂ ਤੱਕ ਪਿੰਡ ਵਾਲੇ ਉੱਥੇ ਪੁੱਜੇ ਉਦੋਂ ਤੱਕ ਕੁੱਤੇ ਬੱਚੇ ਦੀ ਗਰਦਨ, ਇੱਕ ਬਾਂਹ ਤੇ ਲੱਤ ਖਾ ਚੁੱਕੇ ਸਨ। ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤਿਆਂ ਤੋਂ ਛੜਾਇਆ ਗਿਆ। ਬੱਚੇ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਖੂੰਖਾਰ ਅਵਾਰਾ ਕੁੱਤਿਆਂ ਵੱਲੋਂ ਲਗਾਤਾਰ ਸੂਬੇ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਨਾਭੇ ਦੇ ਅੰਦਰ ਵੀ ਇਨਸਾਨਾਂ ਸਮੇਤ ਜਾਨਵਰਾਂ ਨੂੰ ਨੋਚ ਨੋਚ ਕੇ ਖਾਧੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਲਕਾ ਨਾਭਾ ਦੇ ਪਿੰਡ ਸਰਾਜਪੁਰ ਵਿਖੇ ਵੀ ਲਗਾਤਾਰ ਪੰਜ ਛੇ ਵਿਅਕਤੀਆਂ ਨੂੰ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਚੁੱਕਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਿਨੋ ਦਿਨ ਵੱਧ ਰਹੇ ਅਵਾਰਾ ਕੁੱਤਿਆਂ ਦੀ ਸਮੱਸਿਆ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ।