ਖੇਤਾਂ ਵਿੱਚੋਂ ਮਿਲੀ ਗੁਮਸ਼ੁਦਾ ਨਾਬਾਲਗ ਲੜਕੀ ਦੀ ਅੱਧ ਸੜੀ ਲਾਸ਼, ਸਰੀਰ ਦੇ ਕਈ ਅੰਗ ਵੀ ਗਾਇਬ

ਬਠਿੰਡਾ-12ਜੁਲਾਈ– ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਘਰ ਦੇ ਨੇੜਿਓਂ ਹੀ ਝੋਨੇ ਦੇ ਖੇਤ ’ਚੋਂ ਪਿੰਜਰਨੁਮਾ ਲਾਸ਼ ਮਿਲੀ ਹੈ। ਜਿਸ ਨਾਲ ਪਰਿਵਾਰਿਕ ਮੈਂਬਰ ਭੜਕ ਗਏ ਹਨ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬੀਤੇ ਮੰਗਲਵਾਰ ਨੂੰ ਹੀ ਪਿੰਡ ਦੇ ਇਕ ਲੜਕੇ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਘਟਨਾ ਦਾ ਪਤਾ ਲੱਗਦਿਆਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਜੀਤ ਸਿੰਘ, ਥਾਣਾ ਸਦਰ ਤੇ ਬੱਲੂਆਣਾ ਚੌਕੀ ਦੀ ਪੁਲਿਸ ਵੱਡੀ ਗਿਣਤੀ ’ਚ ਪਹੁੰਚੀ ਹੈ।
ਡੀਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ 8 ਜੁਲਾਈ ਨੂੰ ਸਰਦਾਰਗੜ੍ਹ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਲੜਕੀ ਮੰਗਲਵਾਰ ਨੂੰ 5 ਵਜੇ ਦੇ ਕਰੀਬ ਸਵੇਰੇ ਸੈਰ ਕਰਨ ਗਈ ਸੀ ਪਰ ਵਾਪਸ ਨਹੀਂ ਪਰਤੀ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਘਰਾਂ ਵਿੱਚੋਂ ਹੀ ਜਾਨਣ ਵਾਲੇ ਕੁਝ ਲੜਕਿਆਂ ‘ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਅੱਜ ਗਾਇਬ ਹੋਈ ਨਾਬਾਲਿਗ ਲੜਕੀ ਦੀ ਲਾਸ਼ ਘਰ ਦੇ ਨੇੜੇ ਹੀ ਖੇਤਾਂ ਵਿੱਚੋਂ ਅੱਧ ਜਲੀ ਅਤੇ ਕੁਝ ਅੰਗ ਜਾਨਵਰਾਂ ਦੇ ਖਾਧੇ ਹੋਏ ਲਾਸ਼ ਮਿਲੀ ਹੈ।
ਉਹਨਾਂ ਕਿਹਾ ਕਿ ਇੱਕ ਮੁਲਜ਼ਮ ਨੂੰ ਤਾਂ ਉਸੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਲੜਕੀ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰ ਸਮੇਂ ਜਦੋਂ ਝੋਨੇ ਦੇ ਖ਼ੇਤ ’ਚ ਕਾਮਾ ਕੰਮ ਕਰਨ ਗਿਆ ਤਾਂ ਇਕ ਥਾਂ ’ਤੇ ਬਹੁਤ ਸਾਰੇ ਕੁੱਤੇ ਇਕੱਠੇ ਹੋਏ ਖੜ੍ਹੇ ਸਨ, ਜਦੋਂ ਉਸ ਨੇ ਨੇੜੇ ਆ ਕੇ ਵੇਖਿਆ ਤਾਂ ਇਕ ਲੜਕੀ ਦੀ ਲਾਸ਼ ਪਈ ਸੀ। ਉਕਤ ਕਾਮੇ ਵੱਲੋਂ ਇਸ ਦੀ ਇਤਲਾਹ ਪੰਚਾਇਤ ਨੂੰ ਦਿੱਤੀ ਗਈ। ਪੁਲਿਸ ਪਾਰਟੀ ਵੱਲੋਂ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਮ੍ਰਿਤਕ ਲੜਕੀ ਪਿੰਡ ਦੀ ਹੀ ਸੀ। ਕਾਰਵਾਈ ਕਰਵਾਉਣ ਲਈ ਪਿੰਡ ਦੇ ਬਹੁਤੇ ਲੋਕ ਪੁਲਿਸ ਚੌਕੀ ਬੱਲੂਆਣਾ ਪਹੁੰਚ ਗਏ। ਜਿੱਥੇ ਉਸ ਲੜਕੇ ਦੇ ਰਿਸ਼ਤੇਦਾਰ ਵੀ ਪਹੁੰਚ ਗਏ ਜਿਸ ’ਤੇ ਪਰਿਵਾਰ ਨੂੰ ਲੜਕੀ ਅਗਵਾ ਕਰਨ ਦਾ ਸ਼ੱਕ ਸੀ। ਉਹਨਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਲੜਕੇ ਤੋਂ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਕਿਹਾ ਕਿ ਉਨ੍ਹਾਂ ਦੀ ਕਈ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ, ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।