ਸਾਵਧਾਨ, ਹੰਡਿਆਇਆ ਵਿੱਚ ਬੈਠੇ ਹਨ ਸਾਈਬਰ ਠੱਗੀ ਕਰਨ ਵਾਲੇ

0
Prime khabar Punjab Cyber Crime

ਹੰਡਿਆਇਆ- 15ਜਨਵਰੀ- ਸਾਈਬਰ ਕ੍ਰਾਈਮ ਰਾਹੀਂ ਲੋਕਾਂ ਤੋਂ ਪੈਸੇ ਠੱਗਣ ਵਾਲਿਆਂ ਦੀਆਂ ਤਾਰਾਂ ਹੰਡਿਆਇਆ ਵਿੱਚ ਜੁੜੇ ਹੋਣ ਦੀ  ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਹੰਡਿਆਇਆ ਦੇ ਕੁਝ ਵਿਅਕਤੀਆਂ ਨੂੰ ਬਾਹਰਲੇ ਰਾਜਾਂ ਵਿੱਚ ਠੱਗੀ ਸਬੰਧੀ ਦਰਜ ਹੋਏ ਕੇਸਾਂ ਬਾਰੇ ਪੁੱਛਗਿੱਛ ਲਈ ਨੋਟਿਸ ਭੇਜੇ ਗਏ ਹਨ। ਇਹ ਨੋਟਿਸ ਬੈਂਗਲੂਰ(ਕਰਨਾਟਕ) ਅਤੇ ਹਰਿਆਣਾ ਪੁਲਿਸ ਵੱਲੋਂ ਹੰਡਿਆਇਆ ਦੇ ਦੋ ਵੱਖ-ਵੱਖ ਵਿਅਕਤੀਆਂ ਨੂੰ ਭੇਜੇ ਗਏ ਹਨ। ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ(ਠੱਗੀ) ਰਾਹੀਂ ਲੋਕਾਂ ਦਾ ਪੈਸਾ ਜਿਹੜੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ, ਉਹ ਖਾਤੇ ਹੰਡਿਆਇਆ ਦੇ ਰਹਿਣ ਵਾਲੇ ਇਨਾ ਵਿਅਕਤੀਆਂ ਦੇ ਹਨ। ਸੰਪਰਕ ਕਰਨ ਦੇ ਇਹਨਾਂ ਵਿਅਕਤੀਆਂ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਇਹ ਖਾਤੇ ਹੰਡਿਆਇਆ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੁਆਰਾ ਖੁਲਵਾਏ ਗਏ ਸਨ। ਉਸ ਵਿਅਕਤੀ ਨੇ  ਕੁਝ ਪੈਸੇ ਦੇ ਕੇ ਖਾਤੇ ਸਬੰਧੀ ਦਸਤਾਵੇਜ਼ ਅਤੇ ਏਟੀਐਮ ਆਪਣੇ ਕੋਲ  ਰੱਖ ਲਏ ਸਨ।

ਪੁਲਿਸ ਦਾ ਨੋਟਿਸ ਆਉਣ ਤੇ ਜਦੋਂ ਉਹਨਾਂ ਨੇ ਬੈਂਕ ਜਾ ਕੇ ਆਪਣੇ ਖਾਤੇ ਨੂੰ ਚੈੱਕ ਕਰਿਆ ਤਾਂ ਉਹਨਾਂ ਦੇਖਿਆ ਕਿ ਉਸ ਵਿੱਚ ਲੱਖਾ ਦੀ ਟਰਾਂਜੈਕਸ਼ਨ ਕੀਤੀ ਜਾ ਚੁੱਕੀ ਸੀ। ਜਿਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਖਾਤੇ ਨੂੰ ਕੌਣ ਚਲਾ ਰਿਹਾ ਸੀ ਅਤੇ ਕਿਸ ਤਰ੍ਹਾਂ ਇਹ ਪੈਸੇ ਖਾਤੇ ਵਿੱਚ ਟ੍ਰਾਂਸਫਰ ਕਰਵਾਏ ਅਤੇ ਕਢਵਾਏ ਗਏ ਹਨ।

ਪੁਲਿਸ ਦਾ ਨੋਟਿਸ ਪ੍ਰਾਪਤ ਕਰਕੇ ਦੋਨੋਂ ਵਿਅਕਤੀ ਬਹੁਤ ਘਬਰਾ ਗਏ ਕਿਉਂਕਿ ਪੈਸਿਆਂ ਦਾ ਹੇਰ ਫੇਰ ਉਹਨਾਂ ਦੇ ਖਾਤੇ ਵਿੱਚ ਹੋਇਆ ਸੀ। ਇਸ ਲਈ ਦੋਨਾਂ ਵਿਅਕਤੀਆਂ ਨੇ ਮਿਲ ਕੇ ਖਾਤਾ ਖੁਲਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਪੁਲਿਸ ਹਵਾਲੇ ਕਰਦੇ ਹੋਏ ਸਾਰੀ ਸੱਚਾਈ ਬਿਆਨ ਕੀਤੀ।ਪਰੰਤੂ ਪੁਲਿਸ ਦੁਆਰਾ ਉਸ ਵਿਅਕਤੀ ਨੂੰ ਕੁਝ ਸਮੇਂ ਦੀ ਗੱਲਬਾਤ ਬਾਅਦ ਹੀ ਛੱਡ ਦਿੱਤਾ ਗਿਆ। ਜੋ ਬਾਹਰ ਖੁੱਲਾ ਘੁੰਮ ਰਿਹਾ ਹੈ ਅਤੇ ਸ਼ਾਇਦ ਆਪਣੇ ਨਵੇਂ ਸ਼ਿਕਾਰ ਫਸਾ ਰਿਹਾ ਹੈ।ਜਦੋਂ ਇਸ ਸਬੰਧੀ ਸੰਬੰਧਿਤ ਪੁਲਿਸ ਨੂੰ ਪੁੱਛਿਆ ਗਿਆ ਤਾਂ ਉਹਨਾਂ ਇਹ ਕਹਿ ਕੇ ਟਾਲ ਦਿੱਤਾ ਕਿ ਅਜੇ ਪੁੱਛਗਿਛ ਚੱਲ ਰਹੀ ਹੈ,ਫਿਲਹਾਲ ਉਸ ਨੂੰ ਛੱਡ ਦਿੱਤਾ ਗਿਆ ਹੈ। ਦੇਖਿਆ ਗਿਆ ਹੈ ਕਿ ਜੇਕਰ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਅਕਸਰ ਪੁਲਿਸ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਅਜਿਹੇ ਠੱਗ ਮੁਸ਼ਕਿਲ ਨਾਲ ਹੱਥ ਵਿੱਚ ਆਉਂਦੇ ਹਨ। ਉਹਨਾਂ ਦੇ ਅਜਿਹਾ ਕਹਿਣ ਦਾ ਕਾਰਨ ਸਪਸ਼ਟ ਹੁੰਦਾ ਜਾਪ ਰਿਹਾ ਹੈ।

ਕੌਣ ਹੈ ਇਹ ਵਿਅਕਤੀ ਅਤੇ ਕੀ ਕਰਦਾ ਹੈ?

ਠੱਗੀਆਂ ਵਿੱਚ ਸ਼ਾਮਿਲ ਉਸ ਵਿਅਕਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਵਿਅਕਤੀ ਆਮ ਮਿਡਲ ਕਲਾਸ ਫੈਮਿਲੀ ਨਾਲ ਸੰਬੰਧਿਤ ਹੈ। ਇਹ ਕੋਈ ਕੰਮਕਾਰ ਨਹੀਂ ਕਰਦਾ ਪ੍ਰੰਤੂ ਫਿਰ ਵੀ ਮਹਿੰਗੀਆਂ ਗੱਡੀਆਂ, ਮਹਿੰਗੇ ਮੋਬਾਈਲ, ਮਹਿੰਗੇ ਕੱਪੜੇ ਅਤੇ ਵੱਡੇ ਸ਼ੌਂਕ ਰੱਖਦਾ ਹੈ। ਇਹ ਜ਼ਿਆਦਾਤਰ ਚੰਡੀਗੜ੍ਹ ਹੀ ਰਹਿੰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਬਿਨਾਂ ਕੋਈ ਕੰਮ ਕੀਤੇ ਇੰਨੀ ਸ਼ਾਨੋ ਸ਼ੌਕਤ ਵਾਲੀ ਜਿੰਦਗੀ ਕਿਵੇਂ ਬਿਤਾਈ ਜਾ ਸਕਦੀ ਹੈ ਪ੍ਰੰਤੂ ਹੁਣ ਲੋਕਾਂ ਨੂੰ ਤਸਵੀਰ ਸਾਫ ਨਜ਼ਰ ਆ ਰਹੀ ਹੈ ਕਿ ਇਹ ਪੈਸੇ ਕਿੱਥੋਂ ਆਉਂਦੇ ਹਨ। ਇਹ ਵਿਅਕਤੀ ਘੱਟ ਪੜੇ ਲਿਖੇ ਲੋਕਾਂ ਦੇ ਖਾਤੇ ਖੁਲਵਾ ਕੇ ਉਹਨਾਂ ਦੇ ਦਸਤਾਵੇਜ ਅਤੇ ਏਟੀਐਮ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਸਾਈਬਰ ਕ੍ਰਾਈਮ ਰਾਹੀਂ ਲੋਕਾਂ ਨਾਲ ਠੱਗੀ ਕਰਕੇ ਉਹਨਾਂ ਦੇ ਪੈਸੇ ਇਹਨਾਂ ਖਾਤਿਆਂ ਵਿੱਚ ਟਰਾਂਸਫਰ ਕਰਵਾ ਲੈਂਦਾ ਹੈ ਤਾਂ ਜੋ ਪੁਲਿਸ ਇਨਕੁਇਰੀ ਹੋਣ ਤੇ ਖਾਤਾ ਧਾਰਕ ਉੱਪਰ ਹੀ ਕਾਰਵਾਈ ਹੋਵੇ।

ਅਜਿਹੇ ਵਿਅਕਤੀ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਤੁਰੰਤ ਛੱਡ ਦੇਣਾ ਪੁਲਿਸ ਕਾਰਵਾਈ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੀ ਹੈ।ਪਤਾ ਨਹੀਂ ਉਸ ਨੇ ਹੋਰ ਅਜਿਹੇ ਕਿੰਨੇ ਵਿਅਕਤੀਆਂ ਦੇ ਖਾਤੇ ਖੁਲਵਾ ਕੇ ਹੋਰ ਕਿੰਨੇ ਮਾਸੂਮ ਲੋਕਾਂ ਨਾਲ ਠੱਗੀ ਕਰਕੇ ਪੈਸੇ ਹੜੱਪ ਕੀਤੇ ਹਨ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਸਾਈਬਰ ਕ੍ਰਾਈਮ ਕਰਨ ਵਾਲੇ ਟੋਲੇ ਦਾ ਭਾਂਡਾ ਫੋੜ ਕੀਤਾ ਜਾਣਾ ਚਾਹੀਦਾ ਹੈ।

Durga Photostat

About The Author

Leave a Reply

Your email address will not be published. Required fields are marked *