ਨਹੀਂ ਰੁਕ ਰਿਹਾ ਚਾਈਨਾ ਡੋਰ ਦਾ ਚਲਨ

ਹੰਡਿਆਇਆ-01 ਜਨਵਰੀ- ਪੁਰਾਣੇ ਸਮਿਆਂ ਵਿੱਚ ਪਤੰਗਾ ਨੂੰ ਉਡਾਉਣ ਲਈ ਧਾਗੇ ਦੀਆਂ ਡੋਰਾਂ ਸੂਤੀਆਂ ਜਾਂਦੇ ਸਨ ਪਰੰਤੂ ਪਿਛਲੇ ਕੁਝ ਸਮੇਂ ਤੋਂ ਪਤੰਗਾ ਨੂੰ ਉਡਾਉਣ ਲਈ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚਾਈਨਾ ਡੋਰ ਪਲਾਸਟਿਕ ਦੀ ਬਣੀ ਹੁੰਦੀ ਹੈ। ਜੋ ਕਿ ਅੱਜ ਕੱਲ ਦੇ ਪਤੰਗ ਬਾਜਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਪ੍ਰੰਤੂ ਇਹ ਡੋਰ ਬਹੁਤ ਹੀ ਖਤਰਨਾਕ ਹੈ। ਇਹ ਪਤੰਗ ਉਡਾਉਣ ਵਾਲੇ, ਉਡਦੇ ਪੰਛੀਆਂ ਅਤੇ ਰਾਹਗੀਰਾਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਜਿੱਥੇ ਆਕਾਸ਼ ਵਿੱਚ ਉਡਦੇ ਪੰਛੀਆਂ ਦੇ ਹੱਥ, ਪੈਰ, ਗਰਦਨ ਤੱਕ ਵੀ ਇਸ ਦੀ ਲਪੇਟ ਵਿੱਚ ਆ ਜਾਣ ਤਾਂ ਉਹ ਕੱਟੇ ਜਾਂਦੇ ਹਨ। ਉਸੇ ਤਰਾਂ ਕੱਟੇ ਹੋਏ ਪਤੰਗ ਦੀ ਡੋਰ ਅਗਰ ਕਿਸੇ ਰਾਹਗੀਰ ਦੇ ਅੱਖ, ਗਲ, ਨੱਕ ਗਰਦਨ ਤੇ ਫਿਰ ਜਾਵੇ ਤਾਂ ਉਸਨੂੰ ਨੁਕਸਾਨ ਪਹੁੰਚਾ ਦਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੇ ਕਈ ਕੇਸ ਦੇਖਣ ਵਿੱਚ ਆਏ ਹਨ ਕਿ ਇਸ ਚਾਈਨਾ ਡੋਰ ਕਾਰਨ ਬਹੁਤ ਵੱਡੇ ਹਾਦਸੇ ਹੋਏ ਹਨ। ਜਿਸ ਵਿੱਚ ਕਈ ਲੋਕਾਂ ਨੇ ਆਪਣੇ ਜਾਨ ਗਵਾਈ ਹੈ। ਇਸ ਚਾਈਨਾ ਡੋਰ ਕਾਰਨ ਬਹੁਤ ਸਾਰੇ ਲੋਕਾਂ ਦੇ ਹੱਥ ਪੈਰ ਕੰਨ ਨੱਕ ਆਦਿ ਵੀ ਨੁਕਸਾਨੇ ਗਏ ਹਨ। ਇਸ ਡੋਰ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਵੀ ਇਸ ਦੀ ਖਰੀਦ ਵੇਚ ਤੇ ਸੰਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਹੈ ਪ੍ਰੰਤੂ ਫਿਰ ਵੀ ਲੋਕ ਇਸ ਨੂੰ ਚੋਰੀ ਛਿਪੇ ਵੇਚਣ ਤੇ ਖਰੀਦਣ ਤੋਂ ਬਾਜ ਨਹੀਂ ਆ ਰਹੇ। ਹਰ ਸਾਲ ਪੁਲਿਸ ਦੁਆਰਾ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਿਆ ਜਾਂਦਾ ਹੈ ਅਤੇ ਛਾਪੇਮਾਰੀ ਕਰਕੇ ਡੋਰ ਵੇਚਣ ਵਾਲਿਆਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਪਰੰਤੂ ਫਿਰ ਵੀ ਇਹ ਡੋਰ ਮਾਰਕੀਟ ਵਿੱਚ ਉੱਚੇ ਮੁੱਲ ਤੇ ਖਰੀਦੀ ਜਾ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਹੈ ਕਿ ਇਸ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਦੇ ਨਾਲ ਨਾਲ ਖਰੀਦਣ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਚਾਈਨਾ ਡੋਰ ਦੀ ਮੰਗ ਨੂੰ ਹੀ ਖਤਮ ਕੀਤਾ ਜਾਵੇਗਾ ਤਾਂ ਹੀ ਇਸਦੀ ਸਪਲਾਈ ਬੰਦ ਹੋ ਸਕੇਗੀ।