ਮੁੱਖ ਮੰਤਰੀ ਤੀਰਥ ਯਾਤਰਾ” ਤਹਿਤ ਜ਼ਿਲ੍ਹੇ ਦੇ ਸੈਂਕੜੇ ਬਜ਼ੁਰਗਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ: ਮੀਤ ਹੇਅਰ

WhatsApp Image 2026-09-23 at 15.08.49

ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੂੰ ਮਿਲੇ ਐਮਪੀ ਮੀਤ ਹੇਅਰ

ਹੰਡਿਆਇਆ, 23 ਸਤੰਬਰ(ਰਾਕੇਸ਼ ਜੇਠੀ)-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਸੂਬੇ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੂਬੇ ਅਤੇ ਸੂਬੇ ਤੋਂ ਬਾਹਰਲੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਹਨ ਅਤੇ ਜ਼ਿਲ੍ਹਾ ਬਰਨਾਲਾ ਦੀ ਸੰਗਤ ਨੂੰ ਵੀ ਲਗਾਤਾਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਉਹਨਾਂ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਪਰਤੀ ਸੰਗਤ ਦਾ ਹੰਡਿਆਇਆ ਵਿਖੇ ਸਵਾਗਤ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਇਛੁੱਕ ਬਜ਼ੁਰਗ ਨਾਗਰਿਕਾਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ ਉਨ੍ਹਾਂ ਨੂੰ ਮੁਫ਼ਤ ਯਾਤਰਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚੋਂ ਹੁਣ ਤਕ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਲਈ ਬੱਸਾਂ 400 ਤੋਂ ਵੱਧ ਵਾਰ ਭੇਜੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਹੁਣ ਬੱਸਾਂ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ ਧਾਮ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਨੂੰ ਵੀ ਬੱਸਾਂ ਜਾ ਰਹੀਆਂ ਹਨ ਅਤੇ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਏ ਜਾ ਰਹੇ ਹਨ।
ਓਹਨਾਂ ਕਿਹਾ ਕਿ ਯੋਜਨਾ ਤਹਿਤ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਏ.ਸੀ. ਸਲੀਪਰ ਬੱਸ ਰਾਹੀਂ ਯਾਤਰਾ, ਰਿਹਾਇਸ਼ ਅਤੇ ਭੋਜਨ ਸਬੰਧੀ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਯਾਤਰਾ ਤੋਂ ਪਰਤੇ ਬਜ਼ੁਰਗਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯਾਤਰਾ ਦੌਰਾਨ ਰਹਿਣ ਅਤੇ ਭੋਜਨ ਸਮੇਤ ਸਾਰੇ ਵਧੀਆ ਪ੍ਰਬੰਧ ਕੀਤੇ ਗਏ ਸਨ। ਬਜ਼ੁਰਗਾਂ ਨੇ ਇਸ ਉਪਰਾਲੇ ਲਈ ਖੁਸ਼ੀ ਜਤਾਉਂਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

About The Author

You may have missed