ਐਮ.ਏ. ਹਿਸਟਰੀ ਦੇ ਸ਼ਾਨਦਾਰ ਨਤੀਜੇ ਨੇ ਰਚਿਆ ਸਫਲਤਾ ਦਾ ਨਵਾਂ ਅਧਿਆਇ

100 ਫੀਸਦੀ ਨਤੀਜਾ, ਤਿੰਨ ਵਿਦਿਆਰਥਣਾਂ ਨੇ ਹਾਸਲ ਕੀਤੇ ਮੈਰਿਟ ਸਥਾਨ
ਬਰਨਾਲਾ,23 ਸਤੰਬਰ(ਰਾਕੇਸ਼ ਜੇਠੀ): ਸ੍ਰੀ ਐਲ.ਬੀ.ਐਸ. ਆਰੀਆ ਮਹਿਲਾ ਕਾਲਜ, ਬਰਨਾਲਾ ਦੇ ਐਮ.ਏ. ਹਿਸਟਰੀ ਭਾਗ ਦੂਜਾ (ਸਮੈਸਟਰ ਚੌਥਾ) ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣਾਂ ਨੇ ਆਪਣੀ ਮਿਹਨਤ, ਲਗਨ, ਹੌਸਲੇ ਅਤੇ ਲਗਾਤਾਰ ਯਤਨਾਂ ਨਾਲ ਸ਼ਾਨਦਾਰ ਅੰਕ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਜੀ ਨੇ ਇਸ ਸ਼ਾਨਦਾਰ ਨਤੀਜੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਅਰਚਨਾ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਸੰਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ, ਪਿੰਡ ਪੱਖੋ ਕਲਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਕਿਰਨਜੀਤ ਕੌਰ ਪੁੱਤਰੀ ਸਰਦਾਰ ਗੁਰਮੀਤ ਸਿੰਘ, ਪਿੰਡ ਮੋੜ ਨਾਭਾ ਨੇ 88.8 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪਲਵਿੰਦਰ ਕੌਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਨੇ 88.1 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਖਾਸ ਗੱਲ ਇਹ ਰਹੀ ਕਿ ਕਾਲਜ ਦਾ ਨਤੀਜਾ 100 ਫੀਸਦੀ ਰਿਹਾ ਅਤੇ ਬਾਕੀ ਸਾਰੀਆਂ ਵਿਦਿਆਰਥਣਾਂ ਨੇ ਵੀ 85 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੈਡਮ ਅਰਚਨਾ ਨੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਵਿਭਾਗ ਦੇ ਮਿਹਨਤੀ ਅਧਿਆਪਕਾਂ ਡਾ. ਸਰੀਤਾ ਅਤੇ ਮੈਡਮ ਸੀਮਾ ਦੀ ਮਿਹਨਤ ਅਤੇ ਮਾਰਗਦਰਸ਼ਨ ਦੇ ਨਾਲ-ਨਾਲ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਲਗਨ ਅਤੇ ਹੌਸਲੇ ਨੂੰ ਜਾਂਦਾ ਹੈ।
ਇਹ ਸ਼ਾਨਦਾਰ ਨਤੀਜਾ ਨਾ ਸਿਰਫ਼ ਕਾਲਜ ਲਈ ਮਾਣ ਦਾ ਵਿਸ਼ਾ ਹੈ, ਸਗੋਂ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਇਹ ਉਪਲਬਧੀ ਸਾਬਤ ਕਰਦੀ ਹੈ ਕਿ ਸਹੀ ਮਾਰਗਦਰਸ਼ਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
