ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਰਾਜਿੰਦਰ ਗੁਪਤਾ, ਪੰਜਾਬ ਦੇ ਵਿਕਾਸ ਤੇ ਨਸ਼ਾ ਮੁਕਤੀ ਬਾਰੇ ਕੀਤੀ ਚਰਚਾ

2029 ਤੱਕ ਨਸ਼ਾ ਮੁਕਤ ਪੰਜਾਬ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਨਵੀਂ ਦਿੱਲੀ, 16 ਅਕਤੂਬਰ(ਰਾਕੇਸ਼ ਜੇਠੀ)- ਰਾਜ ਸਭਾ ਮੈਂਬਰ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਵਿਕਾਸ, ਆਰਥਿਕ ਤਰੱਕੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਵਿਚ ਸ਼ਾਮਿਲ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਸੀ।
ਮੀਟਿੰਗ ਦੌਰਾਨ ਪੰਜਾਬ ਦੀਆਂ ਵਿਕਾਸ ਸਬੰਧੀ ਤਰਜੀਹਾਂ, ਸੂਬੇ ਦੇ ਲੋਕਾਂ ਦੀਆਂ ਉਮੀਦਾਂ, ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਸਮੇਤ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਹੋਈ। ਪੰਜਾਬ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਕੇਂਦਰ ਅਤੇ ਸੂਬੇ ਦਰਮਿਆਨ ਬਿਹਤਰ ਤਾਲਮੇਲ ਅਤੇ ਉਸਾਰੂ ਗੱਲਬਾਤ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।
ਰਾਜਿੰਦਰ ਗੁਪਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਾਲ 2029 ਤੱਕ ਦੇਸ਼, ਖ਼ਾਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਪੰਜਾਬ ਦੇ ਭਵਿੱਖ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨ ਪੀੜ੍ਹੀ ਲਈ ਇਕ ਗੰਭੀਰ ਚੁਣੌਤੀ ਹੈ। ਉਨ੍ਹਾਂ ਇਸ ਮੁਹਿੰਮ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਭਾਜਪਾ ਦੇ ‘ਨਸ਼ਾ ਮੁਕਤ ਪੰਜਾਬ’ ਦੇ ਟੀਚੇ ਨੂੰ ਸਾਕਾਰ ਕਰਨ ਲਈ ਸਰਗਰਮ ਯੋਗਦਾਨ ਪਾਉਣ ਦੀ ਵਚਨਬੱਧਤਾ ਪ੍ਰਗਟਾਈ।
ਗੁਪਤਾ ਨੇ ਕਿਹਾ ਕਿ ਆਪਣੀ ਸੱਭਿਆਚਾਰਕ ਵਿਰਸੇ, ਉੱਦਮੀ ਸੋਚ ਅਤੇ ਮਿਹਨਤੀ ਲੋਕਾਂ ਸਦਕਾ ਪੰਜਾਬ ਵਿਚ ਦੇਸ਼ ਦੀ ਵਿਕਾਸ ਯਾਤਰਾ ਵਿਚ ਵੱਡੀ ਭੂਮਿਕਾ ਨਿਭਾਉਣ ਦੀ ਅਥਾਹ ਸਮਰੱਥਾ ਹੈ। ਇਸ ਸਮਰੱਥਾ ਦਾ ਪੂਰਾ ਲਾਭ ਲੈਣ ਲਈ ਸੂਬੇ ਦੀ ਆਰਥਿਕ ਨੀਂਹ ਨੂੰ ਹੋਰ ਮਜ਼ਬੂਤ ਕਰਨ, ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਰਥਕ ਮੌਕੇ ਪੈਦਾ ਕਰਨ ਦੀ ਲੋੜ ਹੈ।
ਮੀਟਿੰਗ ਦੌਰਾਨ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਨਵੀਂ ਰਫ਼ਤਾਰ ਦੇਣ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਦਯੋਗ ਅਤੇ ਨਿਵੇਸ਼ ਪੱਖੀ ਮਾਹੌਲ ਸਿਰਜਣਾ ਜ਼ਰੂਰੀ ਹੈ। ਕੇਂਦਰ ਅਤੇ ਸੂਬੇ ਵਿਚਕਾਰ ਬਿਹਤਰ ਤਾਲਮੇਲ ਨਾਲ ਵਿਕਾਸ, ਨਿਵੇਸ਼ ਅਤੇ ਲੋਕ ਭਲਾਈ ਨਾਲ ਜੁੜੀਆਂ ਪਹਿਲਕਦਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ।
ਰਾਜ ਸਭਾ ਮੈਂਬਰ ਹੋਣ ਦੇ ਨਾਲ-ਨਾਲ ਰਾਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਚੇਅਰਮੈਨ ਹਨ ਅਤੇ ਉਨ੍ਹਾਂ ਕੋਲ ਉਦਯੋਗ ਅਤੇ ਜਨਤਕ ਜੀਵਨ ਦਾ ਲੰਮਾ ਤਜਰਬਾ ਹੈ। ਉਨ੍ਹਾਂ ਨੇ 1980 ਦੇ ਦਹਾਕੇ ਵਿਚ ਆਪਣਾ ਉੱਦਮੀ ਸਫ਼ਰ ਸ਼ੁਰੂ ਕੀਤਾ ਅਤੇ 1985 ਵਿਚ ਅਭਿਸ਼ੇਕ ਇੰਡਸਟਰੀਜ਼ ਦੀ ਸਥਾਪਨਾ ਕੀਤੀ। ਬਾਅਦ ਵਿਚ ਕਾਰੋਬਾਰ ਦਾ ਵਿਸਥਾਰ ਕਰਦਿਆਂ ਟ੍ਰਾਈਡੈਂਟ ਗਰੁੱਪ ਨੂੰ ਟੈਕਸਟਾਈਲ, ਯਾਰਨ, ਪੇਪਰ, ਕੈਮੀਕਲਜ਼ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਕੀਤਾ। ਗਰੁੱਪ ਦੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ ਪ੍ਰਮੁੱਖ ਉਤਪਾਦਨ ਇਕਾਈਆਂ ਹਨ ਅਤੇ ਇਸ ਦੇ ਉਤਪਾਦ ਦੁਨੀਆ ਦੇ ਕਈ ਦੇਸ਼ਾਂ ਦੇ ਬਾਜ਼ਾਰਾਂ ਤੱਕ ਪਹੁੰਚਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਇਸ ਮੁਲਾਕਾਤ ਨੂੰ ਪੰਜਾਬ ਦੇ ਲੰਮੇ ਸਮੇਂ ਦੇ ਵਿਕਾਸ, ਨਵੇਂ ਆਰਥਿਕ ਮੌਕਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਜ਼ਬੂਤ ਭਵਿੱਖ ਸਿਰਜਣ ਦੀ ਦਿਸ਼ਾ ਵਿਚ ਅਹਿਮ ਸੰਵਾਦ ਵਜੋਂ ਦੇਖਿਆ ਜਾ ਰਿਹਾ ਹੈ।
