ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ, ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀ

PrimekhabarPunjab Cheema

ਚੀਮਾ ਜੋਧਪੁਰ ਦੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਸਕੂਲਾਂ ਦੇ ਲਗਭਗ 150 ਵਿਦਿਆਰਥੀਆਂ ਨੇ ਲਿਆ ਭਾਗ

ਚੀਮਾ ਜੋਧਪੁਰ, 13 ਅਕਤੂਬਰ(ਰਾਕੇਸ਼ ਜੇਠੀ): ਵਿਦਿਆਰਥੀ ਪੁਲਿਸ ਕੈਡਿਟ (SPC) ਸਕੀਮ ਅਧੀਨ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ ਅਤੇ ਲੇਖ ਲਿਖਣ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ, ਜ਼ਿਲ੍ਹਾ ਬਰਨਾਲਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 10 ਸਕੂਲਾਂ ਦੇ ਲਗਭਗ 150 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ, ਅਨੁਸ਼ਾਸਨ, ਨਾਗਰਿਕ ਫ਼ਰਜ਼ਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।

ਸਾਂਝ ਕੇਂਦਰ ਬਰਨਾਲਾ ਦੇ ਇੰਚਾਰਜ ਥਾਣੇਦਾਰ ਬਲਵੰਤ ਸਿੰਘ ਨੇ ਆਪਣੀ ਟੀਮ ਸਮੇਤ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨਾਲ ਥਾਣੇਦਾਰ ਰਣਜੀਤ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਲਾਭ ਸਿੰਘ, ਮਹਿਲਾ ਹੌਲਦਾਰ ਜਸਵੀਰ ਕੌਰ ਅਤੇ ਮਹਿਲਾ ਹੌਲਦਾਰ ਮਨਪ੍ਰੀਤ ਕੌਰ ਹਾਜ਼ਰ ਸਨ। ਚੌਕੀ ਇੰਚਾਰਜ ਸ੍ਰੀ ਗੁਰਪਿਆਰ ਸਿੰਘ ਵੀ ਇਸ ਮੌਕੇ ਮੌਜੂਦ ਰਹੇ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਥਾਣੇਦਾਰ ਬਲਵੰਤ ਸਿੰਘ ਨੇ SPC ਸਕੀਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਸਕੀਮ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਕਾਨੂੰਨ ਪ੍ਰਤੀ ਸਤਿਕਾਰ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਸਤੇ ਪ੍ਰੇਰਿਤ ਕੀਤਾ।

ਪੋਸਟਰ ਮੇਕਿੰਗ ਮੁਕਾਬਲੇ ਵਿੱਚ ਧੌਲਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸੇਖਾ ਸਕੂਲ ਦੇ ਵਿਦਿਆਰਥੀ ਤੀਜੇ ਸਥਾਨ ’ਤੇ ਰਹੇ।
ਲੇਖ ਲਿਖਣ ਮੁਕਾਬਲੇ ਵਿੱਚ ਮੇਜ਼ਬਾਨ ਸਕੂਲ ਦੀ ਵਿਦਿਆਰਥਣ ਅੰਸ਼ੂ ਨੇ ਪਹਿਲਾ, ਅੱਠਵੀਂ ਜਮਾਤ ਦੀ ਮਨਵੀਰ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ CPRC ਸਾਂਝ ਵੱਲੋਂ 10 ਸਕੂਲਾਂ ਦੇ 80 ਵਿਦਿਆਰਥੀ ਪ੍ਰਤੀ ਸਕੂਲ ਵਿਦਿਆਰਥੀਆਂ ਨੂੰ SPC ਸਕੀਮ ਦੀਆਂ ਟੀ-ਸ਼ਰਟਾਂ ਵੰਡੀਆਂ ਗਈਆਂ। ਨਾਲ ਹੀ ਸਾਰੇ ਸਕੂਲਾਂ ਦੇ ਨੋਡਲ ਇੰਚਾਰਜਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਹਿੱਸੇ ਵਜੋਂ ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਾਈਕਲ ਰੈਲੀ ਵੀ ਕੱਢੀ। ਰੈਲੀ ਦਾ ਮੁੱਖ ਸੁਨੇਹਾ ਨਸ਼ਿਆਂ ਵਿਰੁੱਧ ਜੰਗ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਸੀ। ਵਿਦਿਆਰਥੀਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਨੇ ਮਹਿਮਾਨਾਂ, ਪੁਲਿਸ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਸਮਾਜਿਕ ਚੇਤਨਾ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਦੇ ਵੋਕੇਸ਼ਨਲ ਟ੍ਰੇਨਰ ਸ੍ਰੀ ਹਰਪ੍ਰੀਤ ਸਿੰਘ ਅਤੇ SPC ਮਹਿਲਾ ਨੋਡਲ ਇੰਚਾਰਜਾਂ ਸ੍ਰੀਮਤੀ ਪੂਨਮ ਸ਼ਰਮਾ ਤੇ ਸ੍ਰੀਮਤੀ ਪਾਇਲ ਗਰਗ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਸਮਾਗਮ ਵਿੱਚ ਜ਼ਿਲ੍ਹੇ ਦੇ 10 ਸਕੂਲਾਂ ਦੇ SPC ਨੋਡਲ ਇੰਚਾਰਜਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਤੋਂ ਸ੍ਰੀ ਜਸੀਰ ਸਿੰਘ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਤੋਂ ਡਾ. ਜਤਿੰਦਰ ਜੋਸ਼ੀ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਤੋਂ ਸ੍ਰੀ ਪੰਕਜ ਬਾਂਸਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਤੋਂ ਸ੍ਰੀਮਤੀ ਨੀਟੂ ਬਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਤੋਂ ਸ੍ਰੀਮਤੀ ਰਾਜ ਰਾਣੀ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਤੋਂ ਸ੍ਰੀ ਬੀਰਬਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਤੋਂ ਸ੍ਰੀਮਤੀ ਅਮਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਤੋਂ ਸ੍ਰੀ ਕਰਮਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਤੋਂ ਸ੍ਰੀ ਮਨਦੀਪ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਤੋਂ ਸ੍ਰੀ ਗੁਰਪ੍ਰੀਤ ਵਾਹੀਆ ਸ਼ਾਮਲ ਸਨ। ਸੀ ਆਰ ਪੀ ਸੀ ਬਰਨਾਲਾ ਵਲੋ ਪ੍ਰਿੰਸੀਪਲ ਅਨਿਲ ਕੁਮਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ

ਸਮਾਗਮ ਦੀ ਸਟੇਜ ਕਾਰਵਾਈ SPC ਇੰਚਾਰਜ ਸ੍ਰੀ ਪੰਕਜ ਕੁਮਾਰ, ਸਰਕਾਰੀ ਸਕੂਲ ਫਰਵਾਹੀ ਵੱਲੋਂ ਨਿਭਾਈ ਗਈ। ਅੰਤ ਵਿੱਚ ਮੇਜ਼ਬਾਨ ਸਕੂਲ ਦੇ SPC ਇੰਚਾਰਜ ਡਾ. ਜਤਿੰਦਰ ਜੋਸ਼ੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਪਹੁੰਚੇ ਸਾਰੇ ਅਧਿਕਾਰੀਆਂ, ਨੋਡਲ ਇੰਚਾਰਜਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।

About The Author

You may have missed