ਮਾਨਸਾ ’ਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ, ਸਾਥੀ ਵੀ ਜ਼ਖ਼ਮੀ

WhatsApp Image 2026-10-13 at 11.17.05 (1)

ਮੈਡੀਕਲ ਸਟੋਰ ’ਤੇ ਨਸ਼ੇ ਵੇਚਣ ਦੇ ਦੋਸ਼ ਨੂੰ ਲੈ ਕੇ ਹੋਇਆ ਵਿਵਾਦ; ਗੋਲੀਬਾਰੀ ਤੋਂ ਬਾਅਦ ਮੁਲਜ਼ਮ ਦੁਕਾਨ ਬੰਦ ਕਰਕੇ ਫ਼ਰਾਰ ਹੋਣ ਦਾ ਦਾਅਵਾ

ਮਾਨਸਾ,13ਅਕਤੂਬਰ(ਰਾਕੇਸ਼ ਜੇਠੀ): ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਕਾਰਨ ਚਰਚਾ ਵਿੱਚ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਮੰਗਲਵਾਰ ਸਵੇਰੇ ਮਾਨਸਾ ਦੇ ਇੱਕ ਬਾਜ਼ਾਰ ਵਿੱਚ ਮੈਡੀਕਲ ਸਟੋਰ ਮਾਲਕ ਨਾਲ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ ਹੋਈ, ਜਿਸ ਵਿੱਚ ਪਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਕ, ਘਟਨਾ ਤੋਂ ਬਾਅਦ ਪਰਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ, ਮੌਤ ਦੀ ਖ਼ਬਰ ਫੈਲਦਿਆਂ ਹੀ ਪਰਵਿੰਦਰ ਸਿੰਘ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ।

ਨਸ਼ੇ ਵੇਚਣ ਦੇ ਦੋਸ਼ ਤੋਂ ਸ਼ੁਰੂ ਹੋਇਆ ਵਿਵਾਦ

ਮੁੱਢਲੀ ਜਾਣਕਾਰੀ ਅਨੁਸਾਰ, ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ’ਤੇ ਪਹੁੰਚਿਆ ਸੀ ਅਤੇ ਉੱਥੇ ਨਸ਼ੀਲੀਆਂ ਗੋਲੀਆਂ ਵੇਚੇ ਜਾਣ ਦਾ ਦੋਸ਼ ਲਗਾਇਆ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ, ਜਿਸ ਨੇ ਬਾਅਦ ਵਿੱਚ ਗੰਭੀਰ ਰੂਪ ਧਾਰ ਲਿਆ। ਦੋਸ਼ ਹੈ ਕਿ ਇਸੇ ਦੌਰਾਨ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਗੋਲੀਬਾਰੀ ਦੌਰਾਨ ਪਰਵਿੰਦਰ ਸਿੰਘ ਨੇ ਬਚਣ ਲਈ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕੁਝ ਦੂਰੀ ’ਤੇ ਜਾ ਕੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਸ ਘਟਨਾ ਵਿੱਚ ਉਸ ਦਾ ਇੱਕ ਸਾਥੀ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ।

About The Author

You may have missed