ਸਕੂਲ ਚੀਮਾ ਜੋਧਪੁਰ ਵਿਖੇ ਸੀਪੀਆਰਸੀ, ਐਸਐਸਪੀ ਦਫ਼ਤਰ ਬਰਨਾਲਾ ਦੇ ਸਹਿਯੋਗ ਨਾਲ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ

PrimekhabarPunjab Cheema

ਚੀਮਾ,17 ਜੁਲਾਈਰਾਕੇਸ਼ ਜੇਠੀ: ਵਾਤਾਵਰਣ ਦੀ ਸੰਭਾਲ ਅਤੇ ਵਿਦਿਆਰਥੀਆਂ ਵਿੱਚ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਐਸਐਸਪੀ ਦਫ਼ਤਰ ਬਰਨਾਲਾ ਦੀ ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ (CPRC) ਸ਼ਾਖਾ ਦੇ ਸਹਿਯੋਗ ਨਾਲ ਸਟੂਡੈਂਟ ਪੁਲਿਸ ਕੈਡੇਟ (SPC) ਸਕੀਮ ਅਧੀਨ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਦੇ ਈਕੋ ਕਲੱਬ ਅਤੇ ਸਟੂਡੈਂਟ ਪੁਲਿਸ ਕੈਡੇਟਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ।

ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਅਨਮੋਲ ਆਧਾਰ ਹਨ। ਵਾਤਾਵਰਣ ਸੰਤੁਲਨ ਬਣਾਈ ਰੱਖਣ, ਹਵਾ ਨੂੰ ਸ਼ੁੱਧ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਲੀ ਨੂੰ ਸੁਰੱਖਿਅਤ ਰੱਖਣ ਲਈ ਹਰ ਵਿਅਕਤੀ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦੀ ਨਿਯਮਿਤ ਦੇਖਭਾਲ ਵੀ ਯਕੀਨੀ ਬਣਾਉਣ।

ਈਕੋ ਕਲੱਬ ਇੰਚਾਰਜ ਸ੍ਰੀਮਤੀ ਅਮਰਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲ ਕੈਂਪਸ ਵਿੱਚ 60 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਹਾਲ ਹੀ ਵਿੱਚ “ਇੱਕ ਪੇੜ ਮਾਂ ਦੇ ਨਾਮ” ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਵਿਦਿਆਰਥੀ ਨੂੰ ਆਪਣੀ ਮਾਤਾ ਦੇ ਨਾਮ ‘ਤੇ ਇੱਕ ਰੁੱਖ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਪਹਿਲ ਦਾ ਮਕਸਦ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਮਾਂ ਪ੍ਰਤੀ ਸਤਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨਾ ਹੈ।

ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਜੈਵਿਕ ਵਿਭਿੰਨਤਾ ਅਤੇ ਰੁੱਖਾਂ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਟੂਡੈਂਟ ਪੁਲਿਸ ਕੈਡੇਟਾਂ ਨੇ ਵਾਤਾਵਰਣ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ।

ਸਮਾਗਮ ਦੌਰਾਨ ਐਸਪੀਸੀ ਦੂਜੇ ਨੋਡਲ ਸ੍ਰੀਮਤੀ ਪੂਨਮ ਸ਼ਰਮਾ, ਕੈਂਪਸ ਮੈਨੇਜਰ ਸ੍ਰੀ ਲਖਵਿੰਦਰ ਸਿੰਘ, ਸ੍ਰੀ ਰਜਵਿੰਦਰ ਸਿੰਘ, ਸ੍ਰੀ ਬਿਕਰਮਜੀਤ ਸਿੰਘ, ਸ੍ਰੀਮਤੀ ਰਾਸ਼ੀ, ਸ੍ਰੀਮਤੀ ਗਗਨਦੀਪ ਕੌਰ, ਸ੍ਰੀਮਤੀ ਰਾਮਨਦੀਪ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਨਿਯਮਿਤ ਤੌਰ ‘ਤੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ।

About The Author