ਹੁਸ਼ਿਆਰਪੁਰ ‘ਚ ਰੂਹ ਕੰਬਾਊ ਘਟਨਾ: ਆਵਾਰਾ ਕੁੱਤਿਆਂ ਦੇ ਝੁੰਡ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ

ਹੁਸ਼ਿਆਰਪੁਰ,06ਜੁਲਾਈ(ਰਾਕੇਸ਼ ਜੇਠੀ) -ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਮਾਸੂਮ ਜਿੰਦੜੀਆਂ ‘ਤੇ ਭਾਰੀ ਪੈ ਰਿਹਾ ਹੈ। ਅਜਿਹਾ ਹੀ ਇੱਕ ਬੇਹੱਦ ਦੁਖਦਾਈ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਬਸੀ ਜਲਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ 4 ਸਾਲ ਦੀ ਮਾਸੂਮ ਬੱਚੀ ‘ਤੇ ਹਮਲਾ ਕਰਕੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ ਗੁਨਗੁਨ ਵਜੋਂ ਹੋਈ ਹੈ।
ਮਾਪੇ ਖੇਤਾਂ ‘ਚ ਲਗਾ ਰਹੇ ਸਨ ਝੋਨਾ, ਮੋਟਰ ਕੋਲ ਖੇਡ ਰਹੀ ਸੀ ਮਾਸੂਮ
ਪ੍ਰਾਪਤ ਜਾਣਕਾਰੀ ਅਨੁਸਾਰ, ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (ਪਿੰਡ ਧਿਆਨਪੁਰ) ਦਾ ਰਹਿਣ ਵਾਲਾ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਪਿੰਡ ਬਸੀ ਜਲਾਲ ਵਿਖੇ ਰਹਿ ਕੇ ਮਜ਼ਦੂਰੀ ਕਰਦਾ ਹੈ। ਬੀਤੇ ਦਿਨੀਂ ਮਜ਼ਦੂਰ ਰਾਮ ਜੀਵਨ ਅਤੇ ਉਸ ਦੀ ਪਤਨੀ ਪ੍ਰੀਤੀ ਨੇੜਲੇ ਖੇਤਾਂ ਵਿੱਚ ਝੋਨਾ ਲਗਾ ਰਹੇ ਸਨ। ਉਹ ਆਪਣੀ 4 ਸਾਲਾ ਧੀ ਗੁਨਗੁਨ ਨੂੰ ਖੇਤ ਤੋਂ ਕਰੀਬ 100 ਮੀਟਰ ਦੂਰ ਇੱਕ ਟਿਊਬਵੈੱਲ ਦੀ ਮੋਟਰ ਕੋਲ, ਦਰੱਖਤ ਦੀ ਛਾਂ ਹੇਠਾਂ ਬਿਠਾ ਗਏ ਸਨ।
7 ਕੁੱਤਿਆਂ ਨੇ ਕੀਤਾ ਹਮਲਾ, ਦੂਰ ਤੱਕ ਘਸੀਟਦੇ ਲੈ ਗਏ
ਜਦੋਂ ਬੱਚੀ ਇਕੱਲੀ ਸੀ, ਤਾਂ ਅਚਾਨਕ 7 ਆਵਾਰਾ ਕੁੱਤਿਆਂ ਦੇ ਇੱਕ ਖੂੰਖਾਰ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਮਾਸੂਮ ਗੁਨਗੁਨ ਨੂੰ ਬੇਰਹਿਮੀ ਨਾਲ ਨੋਚਦੇ ਹੋਏ ਕਾਫੀ ਦੂਰ ਤੱਕ ਘਸੀਟ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਮਾਪੇ ਅਤੇ ਆਸ-ਪਾਸ ਦੇ ਹੋਰ ਮਜ਼ਦੂਰ ਭੱਜ ਕੇ ਮੌਕੇ ‘ਤੇ ਪਹੁੰਚੇ, ਤਾਂ ਬੱਚੀ ਲਹੂ-ਲੁਹਾਨ ਅਤੇ ਗੰਭੀਰ ਜ਼ਖਮੀ ਹਾਲਤ ਵਿੱਚ ਪਈ ਸੀ।
ਇਲਾਜ ਦੌਰਾਨ ਤੋੜਿਆ ਦਮ
ਪਰਿਵਾਰ ਵੱਲੋਂ ਤੁਰੰਤ ਬੱਚੀ ਨੂੰ ਸਰਕਾਰੀ ਹਸਪਤਾਲ ਟਾਂਡਾ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਪਰ ਅਫ਼ਸੋਸ, ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮਾਸੂਮ ਗੁਨਗੁਨ ਨੇ ਦੇਰ ਰਾਤ ਇਲਾਜ ਦੌਰਾਨ ਦਮ ਤੋੜ ਦਿੱਤਾ। ਬੱਚੀ ਦੀ ਮੌਤ ਤੋਂ ਬਾਅਦ ਪਰਿਵਾਲ ਦਾ ਰੋ-ਰੋ ਕੇ ਬੁਰਾ ਹਾਲ ਹੈ।
2 ਮਹੀਨਿਆਂ ‘ਚ ਦੂਜੀ ਵੱਡੀ ਘਟਨਾ: ਪ੍ਰਸ਼ਾਸਨ ‘ਤੇ ਉੱਠੇ ਸਵਾਲ
ਇਲਾਕੇ ਵਿੱਚ ਆਵਾਰਾ ਕੁੱਤਿਆਂ ਦੇ ਕਹਿਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੀ 6 ਮਈ ਨੂੰ ਵੀ ਨੇੜਲੇ ਪਿੰਡ ਖਰਲ ਖੁਰਦ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮਾਸੂਮ ਧੀ ਨੂੰ ਆਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਦਰਦਨਾਕ ਘਟਨਾਵਾਂ ਕਾਰਨ ਸਥਾਨਕ ਲੋਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਵਿੱਚ ਭਾਰੀ ਸਹਿਮ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ‘ਤੇ ਨਕੇਲ ਪਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
