ਡਰੇਨ ਨੇੜੇ ਮਿਲੀ ਲਾਸ਼ ਨਾਲ ਸਨਸਨੀ, ਪੋਸਟਮਾਰਟਮ ਰਿਪੋਰਟ ਦੀ ਉਡੀਕ
ਹੰਡਿਆਇਆ,4ਜੁਲਾਈ(ਰਾਕੇਸ਼ ਜੇਠੀ)- ਖੁੱਡੀ ਕਲਾਂ ਡਰੇਨ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਚਰਚਾ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਹੰਡਿਆਇਆ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਡਰੇਨ ਕੋਲੋਂ ਬਰਾਮਦ ਹੋਈ ਲਾਸ਼ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਮੌੜ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਨਾਇਬ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਵੱਧ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਦਾ ਸੇਵਨ ਕਰ ਰਿਹਾ ਸੀ। ਉਨ੍ਹਾਂ ਮੁਤਾਬਕ ਅਮਨਦੀਪ ਸਿੰਘ ਅੱਜ ਸਵੇਰੇ ਨਸ਼ੇ ਦੀ ਹਾਲਤ ਵਿੱਚ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਦੀ ਸੂਚਨਾ ਪੁਲਿਸ ਵੱਲੋਂ ਪਰਿਵਾਰ ਨੂੰ ਦਿੱਤੀ ਗਈ।
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਬੀਐਨਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
