ਪਿਤਾ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੇਵਾ : ਮਾਸਟਰ ਪ੍ਰੇਮ ਚੰਦ ਸ਼ਰਮਾ ਜੀ ਦੀ ਯਾਦ ਵਿੱਚ ਰਾਮ ਬਾਗ ਕਮੇਟੀ ਨੂੰ ਫਰੀਜ਼ਰ ਭੇਂਟ

ਹੰਡਿਆਇਆ,19 ਜੂਨ (ਰਾਕੇਸ਼ ਜੇਠੀ) : ਆਪਣੇ ਪਿਆਰੇ ਪਿਤਾ ਸਵਰਗੀ ਸ੍ਰੀ ਪ੍ਰੇਮ ਚੰਦ ਸ਼ਰਮਾ ਜੀ (ਰਿਟਾਇਰਡ ਮਾਸਟਰ) ਦੀ ਪਵਿੱਤਰ ਯਾਦ ਨੂੰ ਸਦੀਵੀ ਬਣਾਉਣ ਲਈ ਪਰਿਵਾਰ ਦੀ ਸਮਾਜ ਸੇਵਾ ਦੀ ਪ੍ਰਵਿਰਤੀ ਦੇ ਰਾਹ ਚੱਲਦਿਆਂ ਉਹਨਾਂ ਦੇ ਸਪੁੱਤਰਾਂ ਵੀਰਦਵਿੰਦਰ ਪਾਲ ਸ਼ਰਮਾ ਅਤੇ ਜਸਪਾਲ ਸਿੰਘ ਸ਼ਰਮਾ ਵੱਲੋਂ ਰਾਮ ਬਾਗ ਕਮੇਟੀ ਹੰਡਿਆਇਆ ਨੂੰ ਲੋਕ ਸੇਵਾ ਹਿੱਤ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਮ੍ਰਿਤਕ ਦੇਹਾਂ ਨੂੰ ਸੰਭਾਲ ਕੇ ਰੱਖਣ ਲਈ ਇੱਕ ਫਰੀਜ਼ਰ ਭੇਂਟ ਕੀਤਾ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਾਤਾ-ਪਿਤਾ ਦੀਆਂ ਯਾਦਾਂ ਨੂੰ ਸਿਰਫ਼ ਸ਼ਬਦਾਂ ਰਾਹੀਂ ਨਹੀਂ, ਸਗੋਂ ਉਨ੍ਹਾਂ ਵੱਲੋਂ ਦਰਸਾਏ ਮਾਰਗ ਉੱਤੇ ਚੱਲਦਿਆਂ ਹੋਇਆਂ ਲੋਕ ਭਲਾਈ ਦੇ ਕੰਮਾਂ ਰਾਹੀਂ ਜਿਉਂਦਾ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਫਰੀਜ਼ਰ ਉਹਨਾਂ ਦੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਹੈ। ਕਿਸੇ ਦੀ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਸੰਭਾਲਣ ਵਾਸਤੇ ਕਾਫ਼ੀ ਸਮੇਂ ਤੋਂ ਇਸਤਰ੍ਹਾਂ ਦੇ ਫਰੀਜ਼ਰ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਇਹ ਲੋੜ ਦੇ ਸਮੇਂ ਦੁਖੀ ਪਰਿਵਾਰਾਂ ਲਈ ਸਹਾਰਾ ਸਾਬਤ ਹੋਵੇਗਾ।
ਰਾਮ ਬਾਗ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਯੋਗਦਾਨ ਨਾ ਸਿਰਫ਼ ਮਨੁੱਖਤਾ ਦੀ ਸੇਵਾ ਹਨ, ਸਗੋਂ ਨਵੀਂ ਪੀੜ੍ਹੀ ਨੂੰ ਵੀ ਪਰਉਪਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਫਰੀਜ਼ਰ ਨਗਰ ਦੇ ਜ਼ਰੂਰਤਮੰਦ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਫਰੀਜ਼ਰ ਭੇਂਟ ਕਰਨ ਮੌਕੇ ਜਸਪਾਲ ਸਿੰਘ ਸ਼ਰਮਾ ਦੇ ਨਾਲ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਦੇ ਪ੍ਰਧਾਨ ਸੁਰਿੰਦਰ ਕੋਟੀਆ, ਟਰੱਸਟ ਦੇ ਸਕੱਤਰ ਅਸ਼ੋਕ ਕੁਮਾਰ ਸ਼ਾਸਤਰੀ ਅਤੇ ਰਾਮ ਬਾਗ ਕਮੇਟੀ ਦੇ ਪ੍ਰਧਾਨ ਸਤਪਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਹਾਜ਼ਰ ਸ਼ਖਸੀਅਤਾਂ ਨੇ ਸ਼ਰਮਾ ਪਰਿਵਾਰ ਦੇ ਇਸ ਮਨੁੱਖਤਾ ਭਰਪੂਰ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਸਵਰਗੀ ਪ੍ਰੇਮ ਚੰਦ ਸ਼ਰਮਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਉਪਰਾਲਾ ਸਾਬਤ ਕਰਦਾ ਹੈ ਕਿ ਇਨਸਾਨ ਦੇ ਸੰਸਾਰ ਤੋਂ ਵਿਦਾ ਹੋ ਜਾਣ ਉਪਰੰਤ ਵੀ, ਉਸ ਦੇ ਨਾਮ ‘ਤੇ ਕੀਤੇ ਗਏ ਨੇਕ ਕਾਰਜਾਂ ਨਾਲ ਆਪਣਿਆਂ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਿਆ ਜਾ ਸਕਦਾ ਹੈ।

