ਸਿਵਲ ਹਸਪਤਾਲ ਬਰਨਾਲਾ ਦੀ ਖੁੱਲੀ ਪੋਲ: ਬੇਹੱਦ ਡਰਾਉਣੀ ਤੇ ਹੈਰਾਨ ਕਰਨ ਵਾਲੀ ਤਸਵੀਰ ਆਈ ਸਾਹਮਣੇ

ਗੋਡੇ ਦੇ ਆਪ੍ਰੇਸ਼ਨ ਤੋਂ ਬਾਅਦ ਸਪੈਸ਼ਲ ਵਾਰਡ ’ਚ ਭਰਤੀ ਮਰੀਜ਼ ਨੂੰ ਅੱਧੀ ਰਾਤ ਨੂੰ ਕੀਤਾ ਕੈਦ
ਬਰਨਾਲਾ, 19 ਜੂਨ (ਰਾਕੇਸ਼ ਜੇਠੀ): ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਤੇ ਉੱਥੇ ਮਿਲਣ ਵਾਲੀਆਂ ਵੀਆਈਪੀ ਸਹੂਲਤਾਂ ਦੇ ਦਾਅਵੇ ਜ਼ਮੀਨੀ ਪੱਧਰ ’ਤੇ ਕਿੰਨੇ ਖੋਖਲੇ ਹਨ। ਇਸ ਦੀ ਇਕ ਬੇਹੱਦ ਡਰਾਉਣੀ ਤੇ ਹੈਰਾਨ ਕਰਨ ਵਾਲੀ ਤਸਵੀਰ ਬਰਨਾਲਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ। ਹਸਪਤਾਲ ਦੇ ਸਪੈਸ਼ਲ ਵਾਰਡ ’ਚ ਇਲਾਜ ਕਰਵਾ ਰਹੇ ਇਕ ਮਰੀਜ਼ ਤੇ ਉਸ ਦੀ ਪਤਨੀ ਨੂੰ ਅੱਧੀ ਰਾਤ ਨੂੰ ਕਮਰੇ ਦੇ ਅੰਦਰ ਹੀ ਬੰਧਕ ਬਣਾ ਦਿੱਤਾ ਗਿਆ। ਕਿਸੇ ਅਣਪਛਾਤੇ ਵਿਅਕਤੀ ਵਲੋਂ ਬਾਹਰੋਂ ਕੁੰਡੀ ਲਗਾ ਦਿੱਤੇ ਜਾਣ ਤੋਂ ਬਾਅਦ ਦਰਦ ਨਾਲ ਤੜਫਦੇ ਮਰੀਜ਼ ਦੀ ਮਦਦ ਕਰਨ ਦੀ ਬਜਾਏ ਡਿਊਟੀ ਸਟਾਫ਼ ਖ਼ੌਫ ਦਾ ਬਹਾਨਾ ਬਣਾ ਕੇ ਤਮਾਸ਼ਾ ਦੇਖਦਾ ਰਿਹਾ। ਇਸ ਘਟਨਾ ਤੋਂ ਬਾਅਦ ਪੀੜਤ ਮਹਿਲਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਹਸਪਤਾਲ ਪ੍ਰਬੰਧਨ ਦੀ ਸੁਰੱਖਿਆ ਤੇ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵਾਇਰਲ ਵੀਡੀਓ ਅਨੁਸਾਰ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਉਸ਼ਾ ਭਰੀ ਨਾਮਕ ਮਹਿਲਾ ਨੇ ਫੇਸਬੁੱਕ`’ਤੇ ਲਾਈਵ ਹੋ ਕੇ ਇਸ ਖ਼ੌਫਨਾਕ ਵਾਕਏ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਗੋਡਿਆਂ ਦਾ ਆਪ੍ਰੇਸ਼ਨ ਹੋਇਆ ਸੀ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਦੇ ਕਮਰਾ ਨੰਬਰ 11 ’ਚ ਭਰਤੀ ਸਨ। ਬੀਤੀ ਰਾਤ ਕਰੀਬ 2 ਵਜੇ ਆਪ੍ਰੇਸ਼ਨ ਦੇ ਦਰਦ ਕਾਰਨ ਉਨ੍ਹਾਂ ਦੇ ਪਤੀ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਸ਼ਾ ਵੀ ਉਨ੍ਹਾਂ ਦੇ ਕੋਲ ਜਾਗ ਰਹੀ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਆ ਕੇ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ ਤੇ ਉਨ੍ਹਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ। ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਮਦਦ ਲਈ ਅੰਦਰੋਂ ਦਰਵਾਜ਼ੇ ਨੂੰ ਬਹੁਤ ਜ਼ੋਰ-ਜ਼ੋਰ ਨਾਲ ਖੜਕਾਇਆ ਤੇ ਆਵਾਜ਼ਾਂ ਦਿੱਤੀਆਂ। ਪਰ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਜਾਂ ਸਟਾਫ਼ ਨੇ ਕੋਈ ਸਾਰ ਨਹੀਂ ਲਈ। ਆਖ਼ਰਕਾਰ ਕੋਈ ਰਸਤਾ ਨਾ ਬਚਦਾ ਦੇਖ ਬੇਵੱਸ ਮਹਿਲਾ ਨੇ ਸਵੇਰੇ ਕਰੀਬ 4 ਵਜੇ ਵਾਰਡ ਨੰਬਰ 25 ਦੇ ਨਗਰ ਕੌਂਸਲਰ ਨਵੀਨ ਕੌਸ਼ਲ ਨੂੰ ਫ਼ੋਨ ਲਗਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੌਂਸਲਰ ਨਵੀਨ ਕੌਸ਼ਲ ਤੁਰੰਤ ਖ਼ੁਦ ਸਿਵਲ ਹਸਪਤਾਲ ਪਹੁੰਚੇ ਤੇ ਉਨ੍ਹਾਂ ਨੇ ਕਮਰੇ ਦੀ ਕੁੰਡੀ ਖੋਲ੍ਹ ਕੇ ਅੰਦਰ ਬੰਦ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਦਰਵਾਜ਼ਾ ਖੁਲ੍ਹਣ ਤੋਂ ਬਾਅਦ ਜਦੋਂ ਉਸ਼ਾ ਭਰੀ ਆਪਣੇ ਤੜਫਦੇ ਪਤੀ ਦੇ ਇਲਾਜ ਲਈ ਡਿਊਟੀ ’ਤੇ ਮੌਜੂਦ ਡਾਕਟਰਾਂ ਤੇ ਨਰਸਿੰਗ ਸਟਾਫ਼ ਕੋਲ ਪਹੁੰਚੀ ਤਾਂ ਮਹਿਲਾ ਅਨੁਸਾਰ ਜਦੋਂ ਉਨ੍ਹਾਂ ਨੇ ਸਟਾਫ਼ ਤੋਂ ਪੁੱਛਿਆ ਕਿ ਆਵਾਜ਼ ਦੇਣ ’ਤੇ ਵੀ ਕੋਈ ਕਿਉਂ ਨਹੀਂ ਆਇਆ ਤਾਂ ਸਟਾਫ਼ ਨੇ ਮੰਨਿਆ ਕਿ ਉਨ੍ਹਾਂ ਨੂੰ ਦਰਵਾਜ਼ਾ ਖੜਕਾਉਣ ਦੀ ਆਵਾਜ਼ ਤਾਂ ਆ ਰਹੀ ਸੀ। ਪਰ ਉਨ੍ਹਾਂ ਨੇ ਕਿਹਾ ਰਾਤ ਦੇ ਸਮੇਂ ਸਿਰਫ਼ ਲੇਡੀਜ਼ ਸਟਾਫ਼ ਹੀ ਡਿਊਟੀ ’ਤੇ ਸੀ। ਸਾਨੂੰ ਲੱਗਿਆ ਕਿ ਕੋਈ ਬਾਹਰਲਾ ਵਿਅਕਤੀ ਹਸਪਤਾਲ ਦਾ ਗੇਟ ਖੜਕਾ ਰਿਹਾ ਹੈ। ਡਰ ਦੇ ਮਾਰੇ ਅਸੀਂ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਕਿ ਕਿਧਰੇ ਸਾਡੇ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਹਸਪਤਾਲ ਵਰਗੀਆਂ ਸਰਕਾਰੀ ਸੰਸਥਾਵਾਂ ’ਚ ਅੱਧੀ ਰਾਤ ਨੂੰ ਵਾਪਰ ਰਹੀਆਂ ਅਜਿਹੀਆਂ ਖੌਫਨਾਕ ਘਟਨਾਵਾਂ ਸਿੱਧਾ ਚੇਤਾਵਨੀ ਦੇ ਰਹੀਆਂ ਹਨ ਕਿ ਹੁਣ ਬਰਨਾਲੇ ਦੇ ਲੋਕਾਂ ਦਾ ਸਬਰ ਟੁੱਟ ਰਿਹਾ ਹੈ। ਪਰ ਦੇਖਣਾ ਇਹ ਹੋਵੇਗਾ ਕਿ ਸੱਤਾ ਦੇ ਨਸ਼ੇ ’ਚ ਚੂਰ ਇਹ ਲੀਡਰ ਤੇ ਅਧਿਕਾਰੀ ਕਦੋਂ ਆਪਣੀ ਗੂੜ੍ਹੀ ਨੀਂਦ ਤੋਂ ਜਾਗ ਕੇ ਲੋਕਾਂ ਦੀ ਇਸ ਚੀਖ-ਪੁਕਾਰ ਨੂੰ ਸੁਣਨਗੇ ਤੇ ਜ਼ਮੀਨੀ ਪੱਧਰ ’ਤੇ ਕੋਈ ਠੋਸ ਸੁਧਾਰ ਕਰਨਗੇ।
—ਬਾਹਰੋਂ ਆਈ ਮਰਦਾਨਾ ਆਵਾਜ਼, ਪਰ ਨਹੀਂ ਖੁੱਲ੍ਹਿਆ ਦਰਵਾਜ਼ਾ
ਉਸ਼ਾ ਭਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਮਰੇ ਦੇ ਬਾਹਰ ਕਿਸੇ ਸ਼ੱਕੀ ਹਲਚਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਅੰਦਰੋਂ ਆਵਾਜ਼ ਲਗਾਈ ਬਾਹਰ ਕੌਣ ਹੈ? ਦਰਵਾਜ਼ਾ ਖੋਲ੍ਹੋ। ਇਸ ’ਤੇ ਬਾਹਰੋਂ ਇਕ ਮਰਦਾਨਾ ਆਵਾਜ਼ ਆਈ ਖੋਲ੍ਹਦਾ ਹਾਂ। ਪਰ ਇਸ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਉਹ ਘਬਰਾ ਗਈ। ਇਕ ਪਾਸੇ ਕਮਰੇ ਦਾ ਦਰਵਾਜ਼ਾ ਬਾਹਰੋਂ ਲਾਕ ਸੀ ਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਬੈੱਡ ’ਤੇ ਗੰਭੀਰ ਦਰਦ ਨਾਲ ਬੁਰੀ ਤਰ੍ਹਾਂ ਤੜਫ ਰਹੇ ਸਨ। ਪਰ ਚਾਹੁੰਦੇ ਹੋਏ ਵੀ ਉਹ ਡਾਕਟਰ ਜਾਂ ਨਰਸ ਨੂੰ ਬੁਲਾਉਣ ਲਈ ਬਾਹਰ ਨਹੀਂ ਜਾ ਸਕੀ।
—ਸਰਕਾਰੀ ਦਾਅਵਿਆਂ ਦੀ ਫੂਕ ਕੱਢਦੀ ਸਿਵਲ ਹਸਪਤਾਲ ਦੀ ਘਟਨਾ: ਨੁਮਾਇੰਦਿਆਂ ਦੀ ਚੁੱਪ ’ਤੇ ਉੱਠੇ ਵੱਡੇ ਸਵਾਲ
ਬਰਨਾਲਾ ਦੇ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ’ਚ ਅੱਧੀ ਰਾਤ ਨੂੰ ਮਰੀਜ਼ ਤੇ ਉਸ ਦੀ ਪਤਨੀ ਨੂੰ ਬੰਧਕ ਬਣਾਏ ਜਾਣ ਦੀ ਇਸ ਖ਼ੌਫਨਾਕ ਘਟਨਾ ਨੇ ਸੂਬੇ ਦੀ ਸਿਹਤ ਤੇ ਸੁਰੱਖਿਆ ਵਿਵਸਥਾ ਦੇ ਖੋਖਲੇਪਣ ਨੂੰ ਸ਼ਰੇਆਮ ਨੰਗਾ ਕਰ ਦਿੱਤਾ ਹੈ। ਬਦਲਾਅ ਤੇ ਇਮਾਨਦਾਰੀ ਦਾ ਹੋਕਾ ਦੇ ਕੇ ਸੱਤਾ ’ਚ ਆਈ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਜੇਕਰ ਸਰਕਾਰੀ ਹਸਪਤਾਲਾਂ ਦੇ ਅੰਦਰ ਵੀ ਆਮ ਸ਼ਹਿਰੀ ਤੇ ਮਰੀਜ਼ ਸੁਰੱਖਿਅਤ ਨਹੀਂ ਹਨ ਤਾਂ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਇਹੀ ਉਹ ਬਦਲਾਅ ਹੈ। ਜਿਸ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਸੀ? ਸਭ ਤੋਂ ਹੈਰਾਨੀਜਨਕ ਤੇ ਸ਼ਰਮਨਾਕ ਗੱਲ ਸੱਤਾਧਿਰ ਦੇ ਸਥਾਨਕ ਨੁਮਾਇੰਦਿਆਂ ਦੀ ਇਸ ਪੂਰੇ ਮਾਮਲੇ ’ਤੇ ਧਾਰੀ ਹੋਈ ਚੁੱਪ ਹੈ। ਜੋ ਸਿਸਟਮ ਦੀ ਨਾਕਾਮੀ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਜਾਪਦੀ ਹੈ।
—ਐੱਸਐੱਮਓ ਦਾ ਗੋਲਮੋਲ ਜਵਾਬ: ਫਿਰ ਆਪਾ ਕੀ ਕਹਿ ਸਕਦੇ ਆ ਇਸਦੇ ’ਚ
ਇਸ ਵੀਡੀਓ ਵਾਇਲ ਸਬੰਧੀ ਐੱਸਐੱਮਓ ਇੰਦੂ ਬਾਂਸਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਨਾ ਹੀ ਕਿਸੇ ਨੇ ਕਮਰਾ ਬੰਦ ਕੀਤਾ ਹੈ ਤੇ ਨਾ ਹੀ ਕੋਈ ਸਾਡੇ ਧਿਆਨ ’ਚ ਅਜਿਹੀ ਗੱਲ ਹੈ। ਤਿੰਨ-ਸਾਢੇ ਤਿੰਨ ਵਜੇ ਇਕ ਲੜਕਾ ਟੈਸਟ ਕਰਵਾ ਕੇ ਆਇਆ ਤੇ ਦੋ-ਢਾਈ ਵਜੇ ਵਾਰਡ ਅਟੈਂਡੈਂਟ ਵੀ ਉੱਥੇ ਗਈ ਹੈ। ਫਿਰ ਆਪਾ ਕੀ ਕਹਿ ਸਕਦੇ ਆ ਇਸਦੇ ’ਚ। ਉਨ੍ਹਾਂ ਨੇ ਆਪਣੇ ਸਟਾਫ ਤੋਂ ਵੀ ਪੜਤਾਲ ਕੀਤੀ ਕਿ ਸਾਡਾ ਸਟਾਫ ਕਹਿੰਦਾ ਅਜਿਹੀ ਕੋਈ ਗੱਲ ਹੁੰਦੀ ਤਾਂ ਸਾਡੇ ਧਿਆਨ ’ਚ ਹੁੰਦਾਂ ਕਹਿਦਿਆਂ ਇਕ ਮੀਟਿੰਗ ਜੁਆਇੰਨ ਕੀਤੀ ਕਹਿ ਕੇ ਜਵਾਬ ਖਤਮ ਕਰ ਦਿੱਤਾ।
—ਬਰਨਾਲਾ ’ਚ ਜ਼ਮੀਨੀ ਪੱਧਰ ’ਤੇ ਆਮ ਜਨਤਾ ਅੱਜ ਵੀ ਰਾਮ-ਭਰੋਸੇ
ਦੂਜੇ ਪਾਸੇ ਹਸਪਤਾਲ ਦੀ ਐੱਸਐੱਮਓ ਵਲੋਂ ਪੀੜਤ ਪਰਿਵਾਰ ਦੇ ਦਰਦ ਨੂੰ ਸਮਝਣ ਤੇ ਸਖ਼ਤ ਕਾਰਵਾਈ ਕਰਨ ਦੀ ਬਜਾਏ ਬੇਹੱਦ ਗੋਲਮੋਲ ਤੇ ਗੈਰ-ਜ਼ਿੰਮੇਵਾਰਾਨਾ ਜਵਾਬ ਦੇ ਕੇ ਪੱਲਾ ਝਾੜ ਲੈਣਾ ਪ੍ਰਸ਼ਾਸਨਿਕ ਨਾਕਾਮੀ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਹਸਪਤਾਲ ਪ੍ਰਬੰਧਕਾਂ ਦਾ ਇਹ ਟਾਲ-ਮਟੋਲ ਵਾਲਾ ਰਵੱਈਆ ਖ਼ੁਦ ਕਈ ਤਰ੍ਹਾਂ ਦੇ ਸ਼ੱਕ-ਸ਼ੁਬਹੇ ਪੈਦਾ ਕਰਦਾ ਹੈ ਤੇ ਇਹ ਸਾਬਤ ਕਰਦਾ ਹੈ ਕਿ ਬਰਨਾਲਾ ’ਚ ਜ਼ਮੀਨੀ ਪੱਧਰ ’ਤੇ ਆਮ ਜਨਤਾ ਅੱਜ ਵੀ ਰਾਮ-ਭਰੋਸੇ ਹੀ ਹੈ।
—ਏਸੀ ਕਮਰਿਆਂ ’ਚ ਸੱਤਾਧਿਰ ਦੇ ਆਗੂ ਤੇ ਅਫ਼ਸਰਸ਼ਾਹੀ: ਆਮ ਲੋਕਾਂ ਤੋਂ ਹੋਈ ਦੂਰ
ਅੱਜ ਬਰਨਾਲੇ ਦੇ ਆਮ ਲੋਕ ਪੂਰੀ ਤਰ੍ਹਾਂ ਰਾਮ ਭਰੋਸੇ ਦਿਨ ਕੱਟਣ ਲਈ ਮਜਬੂਰ ਹਨ, ਕਿਉਂਕਿ ਜਨਤਾ ਦੀ ਸੁਰਖਿਆ ਤੇ ਸਿਹਤ ਨਾਲ ਜੁੜੇ ਇਸ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਵੀ ਕੋਈ ਸੁਣਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਸਵਾਲ ਇਹ ਉੱਠਦਾ ਹੈ ਕਿ ਆਖ਼ਰ ਕਦੋਂ ਤਕ ਆਮ ਆਦਮੀ ਪਾਰਟੀ ਦੇ ਸਥਾਨਕ ਨੁਮਾਇੰਦੇ ਤੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਆਰਾਮਦਾਇਕ ਏਸੀ ਕਮਰਿਆਂ ਦੇ ਅੰਦਰ ਬੈਠ ਕੇ ਤਮਾਸ਼ਾ ਦੇਖਦੇ ਰਹਿਣਗੇ? ਕੀ ਇਨ੍ਹਾਂ ਹਾਕਮਾਂ ਤੇ ਅਫ਼ਸਰਾਂ ਦੀ ਜ਼ਮੀਨੀ ਜ਼ਿੰਮੇਵਾਰੀ ਖ਼ਤਮ ਹੋ ਚੁੱਕੀ ਹੈ। ਜੋ ਜਨਤਾ ਦੇ ਦਰਦ ਨੂੰ ਸੁਣਨ ਲਈ ਆਪਣੇ ਠੰਢੇ ਦਫ਼ਤਰਾਂ ਤੋਂ ਬਾਹਰ ਨਿਕਲਣ ਦੀ ਜ਼ਹਿਮਤ ਤਕ ਨਹੀਂ ਉਠਾ ਰਹੇ?
