ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਹੋਏ ਸੀਆਈਐੱਸਸੀਈ ਜੋਨਲ ਗੇਮ-2026 ਦੇ ਟੇਬਲ ਟੈਨਿਸ ਮੁਕਾਬਲੇ

ਖੇਡਾਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਤੇ ਅਨੁਸ਼ਾਸਨ ਨੂੰ ਮਜ਼ਬੂਤ ਕਰਦੀਆਂ ਹਨ: ਐੱਮਡੀ ਸ਼ਿਵ ਸਿੰਗਲਾ
ਬਰਨਾਲਾ,21 ਮਈ (ਰਾਕੇਸ਼ ਜੇਠੀ): ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਸੀਆਈਐੱਸਸੀਈ ਜੋਨਲ ਗੇਮਜ਼ ’ਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ’ਚ ਅੰਡਰ-14 ਲੜਕੀਆਂ ਦੇ ਸਿੰਗਲ ਵਰਗ ਮੁਕਾਬਲਿਆਂ ’ਚ ਸੁਖਪਿੰਦਰ ਕੌਰ ਨੇ ਗੋਲਡ ਮੈਡਲ, ਟਵੀਸ਼ਾ ਨੇ ਸਿਲਵਰ ਮੈਡਲ ਤੇ ਦਮਨਪ੍ਰੀਤ ਕੌਰ ਨੇ ਬਰੌਂਜ਼ ਮੈਡਲ ਜਿੱਤਿਆ। ਡਬਲ ਵਰਗ ਦੇ ਮੁਕਾਬਲੇ ’ਚ ਹਰਲੀਨ ਕੌਰ ਤੇ ਮਨਵੀਰ ਕੌਰ ਨੇ ਗੋਲਡ ਮੈਡਲ ਜਿੱਤੇ ਤੇ ਲੜਕਿਆਂ ਦੇ ਅੰਡਰ-14 ਸਿੰਗਲ ਵਰਗ ਮੁਕਾਬਲਿਆਂ ’ਚ ਨੌਨਿਹਾਲ ਸਿੰਘ ਨੇ ਗੋਲਡ ਮੈਡਲ, ਹਰਸ਼ਿਤ ਮਨੂਰ ਨੇ ਸਿਲਵਰ ਮੈਡਲ, ਅੰਸ਼ਦੀਪ ਸਿੰਘ ਨੇ ਬਰੌਂਜ਼ ਮੈਡਲ ਜਿੱਤੇ ਤੇ ਡਬਲ ਵਰਗ ਦੇ ਮੁਕਾਬਲਿਆਂ ’ਚ ਲਲਿਤ ਤੇ ਕਮਲਜੀਤ ਸਿੰਘ ਨੇ ਗੋਲਡ ਮੈਡਲ ਜਿੱਤੇ। ਅੰਡਰ-17 ਦੇ ਸਿੰਗਲ ਵਰਗ ’ਚ ਏਕਮ ਅਗਰਵਾਲ ਨੇ ਗੋਲਡ ਮੈਡਲ, ਭਾਵੇਸ਼ ਗੋਇਲ ਨੇ ਸਿਲਵਰ ਮੈਡਲ ਤੇ ਗੁਰਸਾਜਨ ਪ੍ਰੀਤ ਸਿੰਘ ਨੇ ਬਰੌਂਜ਼ ਮੈਡਲ ਜਿੱਤਿਆ। ਡਬਲ ਵਰਗ ਦੇ ਮੁਕਾਬਲਿਆਂ ’ਚ ਜੈ ਕੁਮਾਰ ਸ਼ਰਮਾ ਤੇ ਏਕਮ ਅਗਰਵਾਲ ਨੇ ਗੋਲਡ ਮੈਡਲ ਜਿੱਤਿਆ। ਇਨ੍ਹਾਂ ਜੇਤੂ ਰਹੇ ਖਿਡਾਰੀਆਂ ਨੂੰ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਤੇ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਮੈਡਲ ਪਾਕੇ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ। ਜੇਤੂ ਰਹੇ ਖਿਡਾਰੀ ਨੋਰਥ ਇੰਡੀਆ ਟੇਬਲ ਟੈਨਿਸ਼ ਮੁਕਾਬਲੇ ਲਈ ਚੁਣੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ’ਚ ਅਨੁਸ਼ਾਸਨ, ਆਤਮ ਵਿਸ਼ਵਾਸ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੇ ਟੰਡਨ ਸਕੂਲ ਦੇ ਟੇਬਲ ਟੈਨਿਸ ਕੋਚ ਸੁਖਦੇਵ ਸਿੰਘ ਤੇ ਹਰਜੀਤ ਸਿੰਘ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਸਹੀ ਮਾਰਗਦਰਸ਼ਨ ਸਦਕਾ ਹੀ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਮਿਹਨਤ, ਕੋਚਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਭਵਿੱਖ ’ਚ ਵੀ ਖੇਡਾਂ ਦੇ ਖੇਤਰ ’ਚ ਨਵੀਆਂ ਉਚਾਈਆਂ ਹਾਸਲ ਕਰਦਾ ਰਹੇਗਾ ਤੇ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਣ ਲਈ ਵਚਨਬੱਧ ਹੈ ਤੇ ਖੇਡਾਂ ਰਾਹੀਂ ਬੱਚਿਆਂ ਦੇ ਅੰਦਰ ਨੇਤ੍ਰਿਤਵ ਤੇ ਆਤਮਵਿਸ਼ਵਾਸ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ ਜਿੱਤਣ ਦਾ ਮਾਧਿਅਮ ਨਹੀਂ। ਸਗੋਂ ਜੀਵਨ ’ਚ ਅਨੁਸ਼ਾਸਨ, ਸਬਰ ਤੇ ਮਿਹਨਤ ਦੀ ਸਿੱਖ ਵੀ ਦਿੰਦੀਆਂ ਹਨ। ਵਿਦਿਆਰਥੀਆਂ ਦੀ ਇਹ ਉਪਲਬਧੀ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੂਪ ਹੈ। ਐੱਮਡੀ ਸਿੰਗਲਾ ਨੇ ਖਿਡਾਰੀਆਂ ਦੇ ਕੋਚ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਕਾਮਯਾਬੀ ਸੰਭਵ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਆਧੁਨਿਕ ਖੇਡ ਸਹੂਲਤਾਂ ਤੇ ਉੱਚ ਪੱਧਰੀ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਰਾਜ ਤੇ ਰਾਸ਼ਟਰੀ ਪੱਧਰ ’ਤੇ ਵੀ ਆਪਣਾ ਲੋਹਾ ਮਨਵਾ ਸਕਣ। ਅਖੀਰ ’ਚ ਐੱਮਡੀ ਸ਼ਿਵ ਸਿੰਗਲਾ ਨੇ ਜੇਤੂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।
