ਉਦਯੋਗ ਤੇ ਅਕਾਦਮਿਕ ਖੇਤਰ ਦਾ ਇਤਿਹਾਸਕ ਸੁਮੇਲ: ਟ੍ਰਾਈਡੈਂਟ ਗਰੁੱਪ ਨੇ ਸਲਾਈਟ ਸੰਗਰੂਰ ਨਾਲ ਕੀਤੀ ਰਣਨੀਤਿਕ ਸਾਂਝੇਦਾਰੀ

PrimeKhabarPunjab Trident

ਕਰਮਚਾਰੀਆਂ ਲਈ ਵਿਸ਼ੇਸ਼ ਪੀਐੱਚਡੀ ਪ੍ਰੋਗਰਾਮ ਦੀ ਸ਼ੁਰੂਆਤ; ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗਾ ਟ੍ਰਾਈਡੈਂਟ ਗਰੁੱਪ

ਬਰਨਾਲਾ, 19 ਮਈ (ਰਾਕੇਸ਼ ਜੇਠੀ): ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣੇ ਟ੍ਰਾਈਡੈਂਟ ਗਰੁੱਪ ਵਲੋਂ ਦੇਸ਼ ਦੇ ਨਾਮਵਰ ਤਕਨੀਕੀ ਸੰਸਥਾਨ ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੰਗਰੂਰ ਨਾਲ ਇਕ ਇਤਿਹਾਸਕ ਤੇ ਰਣਨੀਤਿਕ ਸਾਂਝੇਦਾਰੀ ਕੀਤੀ ਗਈ ਹੈ। ਇਸ ਵਿਸ਼ੇਸ਼ ਸਮਝੌਤੇ ਤਹਿਤ ਟ੍ਰਾਈਡੈਂਟ ਗਰੁੱਪ ਨੇ ਆਪਣੇ ਕਰਮਚਾਰੀਆਂ ਦੀ ਪੇਸ਼ੇਵਰ ਯੋਗਤਾ ਤੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਇਕ ਖਾਸ ਪੀਐੱਚਡੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਉਪਰਾਲੇ ਨੂੰ ਭਾਰਤ ’ਚ ਉਦਯੋਗ ਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇਕ ਬੇਹੱਦ ਅਹਿਮ ਤੇ ਮੀਲ ਪੱਥਰ ਕਦਮ ਮੰਨਿਆ ਜਾ ਰਿਹਾ ਹੈ। ਟ੍ਰਾਈਡੈਂਟ ਗਰੁੱਪ ਦੀ ਪ੍ਰਸਿੱਧ ਫਿਲਾਸਫੀ ਕਮਾਓ, ਸਿੱਖੋ ਤੇ ਵਧੋ ਦੇ ਤਹਿਤ ਉਲੀਕੇ ਗਏ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ’ਚ ਚੁਣੇ ਗਏ ਕਰਮਚਾਰੀ ਆਪਣੀ ਨੌਕਰੀ ਨੂੰ ਬਰਕਰਾਰ ਰੱਖਦੇ ਹੋਏ ਉੱਚ ਪੱਧਰੀ ਖੋਜ ਕਾਰਜ ਕਰ ਸਕਣਗੇ। ਇਸ ਨਿਵੇਕਲੀ ਯੋਜਨਾ ਸਦਕਾ ਕਰਮਚਾਰੀਆਂ ਨੂੰ ਆਪਣੀ ਰੋਜ਼ੀ-ਰੋਟੀ ਦੀ ਚਿੰਤਾ ਕੀਤੇ ਬਿਨਾਂ ਅਕਾਦਮਿਕ ਖੇਤਰ ਦੀ ਸਭ ਤੋਂ ਉੱਚੀ ਡਿਗਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ। ਖੋਜ ਕਰ ਰਹੇ ਕਰਮਚਾਰੀਆਂ ਨੂੰ ਸਲਾਈਟ ਸੰਗਰੂਰ ਦੇ ਤਜਰਬੇਕਾਰ ਤੇ ਮਾਹਿਰ ਅਧਿਆਪਕਾਂ ਦੀ ਦੇਖ-ਰੇਖ, ਆਧੁਨਿਕ ਲੈਬਾਰਟਰੀਆਂ, ਹਾਈ-ਟੈਕ ਖੋਜ ਸਹੂਲਤਾਂ ਤੇ ਇਕ ਸੁਚੱਜਾ ਅਕਾਦਮਿਕ ਮਾਰਗਦਰਸ਼ਨ ਹਾਸਲ ਹੋਵੇਗਾ। ਸਾਲ 1989 ’ਚ ਸਥਾਪਿਤ ਹੋਈ ਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਮਨਜ਼ੂਰਸ਼ੁਦਾ ਡੀਮਡ ਯੂਨੀਵਰਸਿਟੀ ਸਲਾਈਟ ਸੰਗਰੂਰ ਪੂਰੇ ਦੇਸ਼ ’ਚ ਆਪਣੀ ਉੱਚ ਪੱਧਰੀ ਇੰਜੀਨੀਅਰਿੰਗ ਸਿੱਖਿਆ, ਤਕਨੀਕੀ ਟ੍ਰੇਨਿੰਗ ਤੇ ਰਿਸਰਚ ਆਧਾਰਿਤ ਵਿਹਾਰਕ ਸਿੱਖਣ ਪ੍ਰਣਾਲੀ ਲਈ ਵਿਸ਼ੇਸ਼ ਪਛਾਣ ਰੱਖਦੀ ਹੈ।
—ਡਿਗਰੀ ਮੁਕੰਮਲ ਕਰਨ ’ਤੇ ਮਿਲੇਗਾ ਵਿਸ਼ੇਸ਼ ਸਨਮਾਨ
ਇਸ ਉਦਾਰਚਿਤ ਯੋਜਨਾ ਤਹਿਤ ਪੀਐੱਚਡੀ ਪ੍ਰੋਗਰਾਮ ਲਈ ਚੁਣੇ ਜਾਣ ਵਾਲੇ ਕਰਮਚਾਰੀਆਂ ਦੀ ਪੂਰੀ ਪੜ੍ਹਾਈ ਤੇ ਰਿਸਰਚ ਦੀ ਫੀਸ ਦਾ ਭੁਗਤਾਨ ਖੁਦ ਟ੍ਰਾਈਡੈਂਟ ਗਰੁੱਪ ਵਲੋਂ ਕੀਤਾ ਜਾਵੇਗਾ। ਜਿਸ ਨਾਲ ਕਰਮਚਾਰੀਆਂ ’ਤੇ ਕੋਈ ਆਰਥਿਕ ਬੋਝ ਨਹੀਂ ਪਵੇਗਾ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਸਫਲਤਾਪੂਰਵਕ ਆਪਣੀ ਪੀਐੱਚਡੀ ਡਿਗਰੀ ਮੁਕੰਮਲ ਕਰਨਗੇ। ਉਨ੍ਹਾਂ ਨੂੰ ਕੰਪਨੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਤੇ ਪ੍ਰਮੋਟ ਵੀ ਕੀਤਾ ਜਾਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਸ ਨਾਲ ਸੰਗਠਨ ਦੇ ਅੰਦਰ ਕੰਮ ਦੇ ਸੱਭਿਆਚਾਰ ’ਚ ਉਤਕ੍ਰਿਸ਼ਟਤਾ ਤੇ ਨਿਰੰਤਰ ਕੁਝ ਨਵਾਂ ਸਿੱਖਣ ਦੀ ਭਾਵਨਾ ਨੂੰ ਹੋਰ ਬਲ ਮਿਲੇਗਾ।
—ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੋਵੇਗੀ ਮਜ਼ਬੂਤ ਵਰਕਫੋਰਸ
ਟ੍ਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਅਨੁਸਾਰ ਅੱਜ ਦੇ ਆਧੁਨਿਕ ਯੁਗ ’ਚ ਉਦਯੋਗਾਂ ਨੂੰ ਨਵੀਆਂ ਕਾਢਾਂ ਦੀ ਸਖ਼ਤ ਲੋੜ ਹੈ। ਇਹ ਸਾਂਝੇਦਾਰੀ ਉਦਯੋਗਿਕ ਲੋੜਾਂ ਮੁਤਾਬਕ ਨਵੀਨਤਾ ਲਿਆਉਣ, ਨਵੇਂ ਗਿਆਨ ਦੀ ਸਿਰਜਣਾ ਕਰਨ ਤੇ ਭਵਿੱਖ ਦੀਆਂ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਬੇਹੱਦ ਮਜ਼ਬੂਤ ਤੇ ਤਕਨੀਕੀ ਤੌਰ ’ਤੇ ਸਮਰੱਥ ਵਰਕਫੋਰਸ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ। ਇਸ ਸਾਂਝੇਦਾਰੀ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ।

About The Author

You may have missed