ਸੰਘੇੜਾ ਕਾਲਜ ’ਚ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ: ਸਟੇਟ ਅਵਾਰਡੀ ਪ੍ਰਧਾਨ ਵਿਰਕ

ਬਰਨਾਲਾ, 18 ਮਈ (ਰਾਕੇਸ਼ ਜੇਠੀ): ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕ ਨਾਮਵਰ ਸੰਸਥਾ ਹੈ। ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਲਗਾਤਾਰ ਤਿੰਨ ਵਾਰ ਬੈਸਟ ਕਾਲਜ ਦਾ ਐਵਾਰਡ ਪ੍ਰਾਪਤ ਕਰ ਚੁੱਕੀ ਹੈ। ਜਿਸ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਸਟੇਟ ਅਵਾਰਡੀ, ਜੋ ਇਕ ਉੱਘੇ ਸਮਾਜ ਸੇਵੀ ਵਜੋਂ ਕੇਵਲ ਜਾਣੇ ਹੀ ਨਹੀਂ ਜਾਂਦੇ। ਸਗੋਂ ਸਮਾਜ ਸੇਵਾ ਦੀ ਇਕ ਸੱਚੀ ਸੁੱਚੀ ਉਦਾਹਰਣ ਵੀ ਹਨ। ਜਿਨ੍ਹਾਂ ਨੇ ਸੈਸ਼ਨ 2026-27 ਦੇ ਦਾਖਲਿਆਂ ਸਬੰਧੀ ਫੈਸਲਾ ਲੈਂਦਿਆਂ ਇਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਜਿਸ ਦਾ ਲਾਭ ਇਲਾਕੇ ਦੇ ਸਾਰੇ ਹੋਣਹਾਰ ਬੱਚੇ ਪ੍ਰਾਪਤ ਕਰ ਸਕਣਗੇ। ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਤੇ ਸਮੁੱਚੀ ਕਾਲਜ ਦੀ ਮੈਨੇਜਮੈਂਟ ਟਰੱਸਟ ਕਮੇਟੀ ਨੇ ਇਕ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਸੈਸ਼ਨ 2026-27 ਦੌਰਾਨ ਜੋ ਵਿਦਿਆਰਥੀ ਕਿਸੇ ਖਾਸ ਖੇਤਰ ਭਾਵੇਂ ਉਹ ਖੇਡਾਂ, ਸਭਿਆਚਾਰਕ ਗਤੀਵਿਧੀਆਂ ਹਨ ਜਾਂ ਫਿਰ ਪੜ੍ਹਾਈ ਦੇ ਖੇਤਰ ’ਚ ਵੱਡੀਆਂ ਮੱਲਾਂ ਮਾਰੀਆਂ ਹੋਣ ਜਾਂ ਕਿਸੇ ਵੀ ਹੋਰ ਖੇਤਰ ’ਚ ਚੰਗਾ ਨਾਮਣਾ ਖੱਟਿਆ ਹੋਵੇ। ਉਨ੍ਹਾਂ ਵਿਦਿਆਰਥੀਆਂ ਨੂੰ ਸਾਡੀ ਸੰਸਥਾ ਮੁਫ਼ਤ ਪੜਾਵੇਗੀ। ਇਸੇ ਕੜੀ ਤਹਿਤ ਅੱਜ ਬਰਨਾਲਾ ਦੇ ਪੱਤੀ ਰੋਡ ਸਥਿਤ ਬੇਟੀ ਸਿਮਰਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਜਿਸ ਨੇ ਕਿ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਏ ਕੋਰਿਓਗ੍ਰਾਫੀ ਤੇ ਗਿੱਧੇ ’ਚ ਭਾਗ ਲੈਂਦਿਆਂ ਆਪਣੀ ਕਲਾ ਦੇ ਜੌਹਰ ਵਿਖਾਏ। ਜਿਸ ਤੋਂ ਖੁਸ਼ ਹੁੰਦਿਆਂ ਬਤੌਰ ਮੁਖ ਮਹਿਮਾਨ ਵਜੋ ਉਸ ਸਮਾਗਮ ’ਚ ਪਹੁੰਚੇ ਭੋਲਾ ਸਿੰਘ ਵਿਰਕ ਨੇ ਉਸ ਬੇਟੀ ਦੀ ਕਲਾ ਤੋਂ ਖੁਸ਼ ਹੁੰਦਿਆਂ ਉਸ ਦੀ ਸਾਰੀ ਉੱਚੇਰੀ ਵਿੱਦਿਆ ਮੁਫ਼ਤ ਕਰਾਉਣ ਦਾ ਫੈਸਲਾ ਲਿਆ ਸੀ। ਜਿਸ ਕੜੀ ਤਹਿਤ ਕਾਲਜ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਵਾਈਸ ਪ੍ਰਿੰਸੀਪਲ ਮਨਦੀਪ ਕੌਰ, ਪ੍ਰੋ. ਮਿੱਠੂ ਪਾਠਕ ਤੇ ਸਮੁੱਚੀ ਟੀਮ ਨੇ ਬੇਟੀ ਸਿਮਰਪ੍ਰੀਤ ਕੌਰ ਦੇ ਘਰ ਪਹੁੰਚ ਕਿ ਬੇਟੀ ਦਾ ਮੁੰਹ ਮਿੱਠਾ ਕਰਵਾਉਂਦਿਆਂ ਬੇਟੀ ਦੀ ਅਗਲੀ ਸਾਰੀ ਪੜ੍ਹਾਈ ਮੁਫ਼ਤ ਕਰਵਾਉਣ ਦਾ ਪੱਤਰ ਉਸ ਦੇ ਮਾਪਿਆਂ ਨੂੰ ਦਿੱਤਾ। ਜਿਸ ਨੂੰ ਪ੍ਰਾਪਤ ਕਰਕੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਪ੍ਰੇਰਣਾ ਰੂਪੀ ਪ੍ਰੰਪਰਾ ਨੂੰ ਅੱਗੇ ਤੋਰਨ ਲਈ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਸਿਮਰਪ੍ਰੀਤ ਵਰਗੀਆਂ ਹੋਰ ਲੜਕੇ ਲੜਕੀਆਂ, ਜੋ ਕਿਸੇ ਵੀ ਖੇਤਰ ’ਚ ਮੱਲਾਂ ਮਾਰ ਰਹੇ ਹਨ। ਉਹ ਸਾਡੀ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਮੁਫ਼ਤ ਵਿੱਦਿਆ ਹਾਸਲ ਕਰਕੇ ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਵਾਈਸ ਪ੍ਰਧਾਨ ਭੋਲਾ ਸਿੰਘ ਗਿੱਲ ਸੰਘੇੜਾ, ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਵਾਈਸ ਪ੍ਰਿੰਸੀਪਲ ਮਨਦੀਪ ਕੌਰ ਤੋਂ ਇਲਾਵਾ ਡਾ. ਸੁਖਵੀਰ ਕੌਰ, ਜਸਪਾਲ ਕੌਰ, ਜਸਪ੍ਰੀਤ ਸਿੰਘ, ਪ੍ਰੋ. ਮਿੱਠੂ ਪਾਠਕ ਨੇ ਸ਼ਮੂਲੀਅਤ ਕੀਤੀ।
