ਸਫਾਈ ਸੇਵਕਾਂ ਦੀ ਲੰਬੀ ਹੜਤਾਲ ਨੇ ਖੋਲ੍ਹੀ ਸਰਕਾਰ ਦੀ ਨਾਕਾਮੀ — ਪੰਜਾਬ ਭਰ ਵਿੱਚ ਗੰਦਗੀ ਦੇ ਢੇਰ, ਲੋਕ ਸਿਹਤ ਸੰਕਟ ‘ਚ

ਹੰਡਿਆਇਆ- ਮਈ(ਰਾਕੇਸ਼ ਜੇਠੀ) – ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ‘ਤੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 11ਵੇਂ ਦਿਨ ‘ਚ ਦਾਖਲ ਹੋ ਗਈ ਹੈ, ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਢੁੱਕਵਾਂ ਹੱਲ ਨਜ਼ਰ ਨਹੀਂ ਆ ਰਿਹਾ। ਇਸ ਲੰਬੇ ਸੰਘਰਸ਼ ਨੇ ਸੂਬੇ ਦੀ ਸਫਾਈ ਪ੍ਰਣਾਲੀ ਨੂੰ ਠੱਪ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਹਰ ਸ਼ਹਿਰ, ਪਿੰਡ ਅਤੇ ਕਸਬੇ ‘ਚ ਗੰਦਗੀ ਦੇ ਢੇਰ ਲੱਗੇ ਪਏ ਹਨ।
ਸਥਿਤੀ ਇਹ ਬਣ ਗਈ ਹੈ ਕਿ ਗਲੀਆਂ-ਮੁਹੱਲਿਆਂ ‘ਚ ਪੈਦਾ ਹੋ ਰਹੀ ਗੰਦਗੀ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਦੂਜੇ ਪਾਸੇ, ਸਰਕਾਰ ਦੀ ਚੁੱਪੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾਇਆ ਹੈ। ਆਮ ਜਨਤਾ ਸਵਾਲ ਕਰ ਰਹੀ ਹੈ ਕਿ ਜਦੋਂ ਸਿਹਤ ਅਤੇ ਸਫਾਈ ਜਿਹੇ ਬੁਨਿਆਦੀ ਮੁੱਦੇ ਵੀ ਹੱਲ ਨਹੀਂ ਕੀਤੇ ਜਾ ਰਹੇ, ਤਾਂ ਫਿਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿੱਥੇ ਹੈ?
ਇਸ ਮਾਮਲੇ ‘ਤੇ ਗੱਲ ਕਰਦੇ ਹੋਏ ਹੰਡਿਆਇਆ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਖੁੱਡੀ ਨੇ ਕਿਹਾ ਕਿ ਸਰਕਾਰ ਪਿਛਲੇ ਕਾਫ਼ੀ ਸਮੇਂ ਤੋਂ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਲਟਕਾ ਰਹੀ ਹੈ। ਉਹਨਾਂ ਦੱਸਿਆ ਕਿ ਹਰ ਵਾਰ ਝੂਠੇ ਭਰੋਸੇ ਦੇ ਕੇ ਹੜਤਾਲ ਖਤਮ ਕਰਵਾ ਦਿੱਤੀ ਜਾਂਦੀ ਹੈ, ਪਰ ਅਮਲੀ ਤੌਰ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਸ ਵਾਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਮੰਗਾਂ ‘ਤੇ ਪੱਕੀ ਕਾਰਵਾਈ ਨਹੀਂ ਹੁੰਦੀ, ਹੜਤਾਲ ਜਾਰੀ ਰਹੇਗੀ।
ਹੜਤਾਲ ਦੇ ਮੱਦੇਨਜ਼ਰ ਆਉਣ ਵਾਲੀਆਂ 26 ਤਾਰੀਖ ਨੂੰ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵੀ ਚਰਚਾ ‘ਚ ਆ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਵੋਟ ਮੰਗਣ ਆਉਣ ਵਾਲੇ ਸਰਕਾਰ ਦੇ ਨੁਮਾਇੰਦੇ ਐਮਸੀਆਂ ਤੋਂ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਜਾਵੇਗਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ‘ਤੇ ਸਰਕਾਰ ਨੇ ਸਖ਼ਤ ਰਵੱਈਆ ਕਿਉਂ ਅਪਣਾਇਆ।
ਇਸ ਮੌਕੇ ਮੀਤ ਪ੍ਰਧਾਨ ਰਾਣੀ ਹੰਡਿਆਇਆ, ਪੰਕਜ ਕੁਮਾਰ, ਸ਼ੇਖਰ ਕੁਮਾਰ, ਰਵੀ ਕੁਮਾਰ, ਵਿਸ਼ਾਲ ਕੁਮਾਰ, ਮੁਕੇਸ਼ ਕੁਮਾਰ, ਅਮਨਦੀਪ ਕੁਮਾਰ ਅਤੇ ਸੰਜੇ ਕੁਮਾਰ ਸਮੇਤ ਹੋਰ ਸਫਾਈ ਸੇਵਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਪ੍ਰਗਟ ਕੀਤਾ।
ਜੇਕਰ ਸਰਕਾਰ ਨੇ ਜਲਦ ਇਸ ਸੰਕਟ ਦਾ ਹੱਲ ਨਾ ਕੱਢਿਆ, ਤਾਂ ਇਹ ਮਾਮਲਾ ਨਾ ਸਿਰਫ਼ ਸਿਹਤ ਸੰਕਟ ਬਣ ਸਕਦਾ ਹੈ, ਬਲਕਿ ਆਉਣ ਵਾਲੀਆਂ ਚੋਣਾਂ ‘ਚ ਵੀ ਸਰਕਾਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
